ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਸ਼ਨੀਵਾਰ ਨੂੰ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡੇ ਜਾ ਰਹੇ ਇਸ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ। ਭਾਰਤ ਵੱਲੋਂ ਦਿੱਤੇ 214 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਦੀ ਟੀਮ 19.2 ਓਵਰਾਂ ਵਿੱਚ 170 ਦੌੜਾਂ ਬਣਾ ਕੇ ਆਊਟ ਹੋ ਗਈ।
ਟਾਰਗੇਟ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਥੁਮ ਨਿਸਾਂਕਾ ਅਤੇ ਕੁਸਲ ਮੇਂਡਿਸ ਦੀ ਜੋੜੀ ਨੇ ਪਹਿਲੀ ਵਿਕਟ ਲਈ 84 ਦੌੜਾਂ ਜੋੜੀਆਂ। ਅਰਸ਼ਦੀਪ ਸਿੰਘ ਨੇ ਕੁਸਲ ਮੇਂਡਿਸ ਨੂੰ 45 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ। ਵਿਕਟਕੀਪਰ ਬੱਲੇਬਾਜ਼ ਮੇਂਡਿਸ ਨੇ 27 ਗੇਂਦਾਂ ‘ਤੇ 45 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਕੁਸਲ ਪਰੇਰਾ ਅਤੇ ਕਮਿੰਡੁ ਮੇਂਡਿਸ ਨੇ ਕ੍ਰਮਵਾਰ 20 ਅਤੇ 12 ਦੌੜਾਂ ਦੀ ਪਾਰੀ ਖੇਡੀ।
ਅਕਸ਼ਰ ਪਟੇਲ ਨੇ ਪਰੇਰਾ ਨੂੰ ਆਊਟ ਕੀਤਾ ਅਤੇ ਉਸ ਨੇ ਵੀ ਪਥੁਮ ਨਿਸਾਂਕਾ ਨੂੰ 79 ਦੌੜਾਂ ਦੇ ਨਿੱਜੀ ਸਕੋਰ ‘ਤੇ ਬੋਲਡ ਕਰਕੇ ਭਾਰਤ ਨੂੰ ਅਹਿਮ ਸਫਲਤਾ ਦਿਵਾਈ। ਪਰੇਰਾ ਨੇ 48 ਗੇਂਦਾਂ ‘ਤੇ 79 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ ਉਸ ਨੇ 7 ਚੌਕੇ ਅਤੇ 4 ਛੱਕੇ ਲਗਾਏ। ਇਸ ਤੋਂ ਬਾਅਦ ਸ਼੍ਰੀਲੰਕਾ ਦਾ ਮਿਡਲ ਅਤੇ ਲੋਅਰ ਮਿਡਲ ਆਰਡਰ ਟਿਕ ਨਹੀਂ ਸਕਿਆ।
ਇਹ ਵੀ ਪੜ੍ਹੋ : ਪੰਜਾਬ ਸਿਹਤ ਵਿਭਾਗ ਨੂੰ ਮਿਲਣਗੀਆਂ 58 ਨਵੀਆਂ ਐਂਬੂਲੈਂਸ, CM ਮਾਨ ਅੱਜ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ
ਭਾਰਤ ਲਈ ਰਿਆਨ ਪਰਾਗ ਨੇ 1.2 ਓਵਰਾਂ ‘ਚ 5 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸਿਰਾਜ ਅਤੇ ਰਵੀ ਬਿਸ਼ਨੋਈ ਨੂੰ 1-1 ਵਿਕਟ ਮਿਲੀ, ਇਸ ਤੋਂ ਪਹਿਲਾਂ ਭਾਰਤ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 213 ਦੌੜਾਂ ਬਣਾਈਆਂ ਸਨ। ਭਾਰਤ ਲਈ ਕਪਤਾਨ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਅਤੇ 26 ਗੇਂਦਾਂ ‘ਤੇ 58 ਦੌੜਾਂ ਦੀ ਤੂਫਾਨੀ ਪਾਰੀ ਖੇਡੀ।
ਵੀਡੀਓ ਲਈ ਕਲਿੱਕ ਕਰੋ -: