ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਨੇ ਇਤਿਹਾਸਿਕ ਪ੍ਰਦਰਸ਼ਨ ਕਰਦੇ ਹੋਏ 7 ਸੋਨ ਤਗਮਿਆਂ ਸਣੇ 29 ਮੈਡਲ ਜਿੱਤ ਕੇ ਸਫ਼ਰ ਸਮਾਪਤ ਕੀਤਾ। 10ਵੇਂ ਦਿਨ ਸ਼ਨੀਵਾਰ ਯਾਨੀ ਕਿ 7 ਸਤੰਬਰ ਨੂੰ ਦੇਸ਼ ਦੀ ਝੋਲੀ 3 ਹੋਰ ਤਗਮੇ ਪਏ। ਪੈਰਿਸ ਪੈਰਾਲੰਪਿਕ ਖੇਡਾਂ ਦੀ ਕਲੋਜ਼ਿੰਗ ਸੈਰੇਮਨੀ 8 ਸਤੰਬਰ ਯਾਨੀ ਕਿ ਐਤਵਾਰ ਨੂੰ ਰਾਤ 11.30 ਵਜੇ ਹੋਵੇਗੀ। ਇਸ ਟੂਰਨਾਮੈਂਟ ਵਿੱਚ ਭਾਰਤ ਮੈਡਲ ਟੈਲੀ ਵਿੱਚ 16ਵੇਂ ਸਥਾਨ ‘ਤੇ ਰਿਹਾ। ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਗੋਲਡ, 9 ਚਾਂਦੀ ਤੇ 13 ਕਾਂਸੀ ਦੇ ਤਮਗੇ ਆਪਣੇ ਨਾਮ ਕੀਤੇ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਵਿੱਚ ਭਾਰਤ ਨੇ 5 ਗੋਲਡ ਸਣੇ 19 ਮੈਡਲ ਜਿੱਤੇ ਸਨ।
ਪੈਰਾਲੰਪਿਕ ਦੇ ਆਖਰੀ ਦਿਨ ਭਾਰਤ ਦੇ ਜੈਵਲਿਨ ਥ੍ਰੋਅਰ ਨਵਦੀਪ ਨੇ ਪੁਰਸ਼ F41 ਕੈਟੇਗਰੀ ਵਿੱਚ ਸਿਲਵਰ ਮੈਡਲ ਜਿੱਤਿਆ, ਹਾਲਾਂਕਿ ਈਰਾਨੀ ਐਥਲੀਟ ਬੇਇਤ ਸਾਯਾਹ ਸਾਦੇਗ ਦੇ ਆਯੋਗ ਕਰਾਰ ਹੋਣ ਦੇ ਬਾਅਦ ਨਵਦੀਪ ਨੂੰ ਗੋਲਡ ਦਿੱਤਾ ਗਿਆ। ਨਵਦੀਪ ਦੇ ਇਲਾਵਾ ਸਿਮਰਨ ਨੇ ਮਹਿਲਾ ਟੀ-12 ਕੈਟੇਗਰੀ ਦੀ 200 ਮੀਟਰ ਦੌੜ ਵਿੱਚ ਅਤੇ ਨਾਗਾਲੈਂਡ ਦੇ ਹੋਕਾਤੋ ਸੇਮਾ ਨੇ ਪੁਰਸ਼ ਸ਼ਾਟਪੁੱਟ ਵਿੱਚ ਇੱਕ-ਇੱਕ ਕਾਂਸੀ ਦਾ ਤਗਮਾ ਜਿੱਤਿਆ।
ਦੱਸ ਦੇਈਏ ਕਿ ਟੋਕੀਓ ਵਿੱਚ ਭਾਰਤ ਨੇ 19 ਮੈਡਲ ਜਿੱਤੇ ਸਨ, ਇਸ ਵਾਰ 17 ਮੈਡਲ ਤਾਂ ਅਥਲੈਟਿਕਸ ਵਿੱਚ ਹੀ ਆ ਗਏ ਹਨ। ਅਥਲੀਟਾਂ ਨੇ 4 ਗੋਲਡ, 6 ਸਿਲਵਰ ਤੇ 7 ਕਾਂਸੀ ਦੇ ਮੈਡਲ ਜਿੱਤੇ। ਜਦਕਿ ਬੈਡਮਿੰਟਨ ਦੂਜੀ ਵਧੀਆ ਖੇਡ ਰਹੀ। ਇਸ ਵਿੱਚ 1 ਗੋਲਡ, 2 ਸਿਲਵਰ ਤੇ 2 ਕਾਂਸੀ ਦੇ ਤਮਗੇ ਜਿੱਤੇ। ਭਾਰਤ ਨੂੰ ਪੈਰਾ-ਤੀਰਅੰਦਾਜ਼ੀ ਵਿੱਚ ਪਹਿਲੀ ਵਾਰ ਗੋਲਡ ਮੈਡਲ ਮਿਲਿਆ। ਪੈਰਾਂ-ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਇਹ ਕਾਰਨਾਮਾ ਕੀਤਾ। ਤੀਰਅੰਦਾਜ਼ੀ ਵਿੱਚ ਰਾਕੇਸ਼ ਕੁਮਾਰ ਤੇ ਸ਼ੀਤਲ ਦੇਵੀ ਨੇ ਕਾਂਸੀ ਦਾ ਤਗਮਾ ਵੀ ਜਿੱਤਿਆ। ਸ਼ੂਟਿੰਗ ਵਿੱਚ 1 ਗੋਲਡ, 1 ਸਿਲਵਰ ਤੇ 2 ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਜੂਡੋ ਵਿੱਚ ਪਹਿਲੀ ਵਾਰ ਇੱਕ ਕਾਂਸੀ ਦਾ ਤਗਮਾ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -: