IPL 2020 KKR vs RCB : ਅੱਜ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਆਈਪੀਐਲ 2020 ਦੇ 39 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੰਗਲੌਰ ਨਾਲ ਹੋਵੇਗਾ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਬਾਰੇ ਸੋਚਣਗੀਆਂ। ਬੰਗਲੌਰ ਇਸ ਸਮੇਂ ਤੀਜੇ ਅਤੇ ਕੋਲਕਾਤਾ ਆਈਪੀਐਲ ਦੇ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਹੈ। ਕੋਲਕਾਤਾ ਅਤੇ ਬੰਗਲੌਰ ਦੋਵੇਂ ਟੀਮਾਂ ਆਪਣਾ ਆਖਰੀ ਮੈਚ ਜਿੱਤਣ ਤੋਂ ਬਾਅਦ ਜ਼ਬਰਦਸਤ ਫਾਰਮ ਵਿੱਚ ਹਨ। ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2020 ਵਿੱਚ ਹੁਣ ਤੱਕ ਖੇਡੇ 9 ਮੈਚਾਂ ‘ਚੋਂ 5 ਜਿੱਤੇ ਹਨ, ਜਦਕਿ ਟੀਮ 4 ਮੈਚਾਂ ਵਿੱਚ ਹਾਰ ਗਈ ਹੈ। ਆਖਰੀ ਮੈਚ ਵਿੱਚ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਸੁਪਰ ਓਵਰ ‘ਚ ਜਿੱਤ ਦਰਜ ਕੀਤੀ ਸੀ। ਕੇਕੇਆਰ ਨੂੰ ਪਲੇਆਫ ਵਿੱਚ ਪਹੁੰਚਣ ਲਈ ਬਾਕੀ 5 ਮੈਚਾਂ ਵਿੱਚੋਂ 3 ਵਿੱਚ ਜਿੱਤ ਪ੍ਰਾਪਤ ਕਰਨੀ ਪਏਗੀ। ਦੂਜੇ ਪਾਸੇ, ਆਰਸੀਬੀ ਦੀ ਟੀਮ ਨੌਂ ‘ਚੋਂ ਛੇ ਮੈਚ ਜਿੱਤ ਕੇ ਥੋੜ੍ਹੀ ਚੰਗੀ ਸਥਿਤੀ ਵਿੱਚ ਹੈ। ਬੰਗਲੌਰ ਦੀ ਟੀਮ ਇਸ ਸਮੇਂ ਸਕੋਰ ਸ਼ੀਟ ‘ਚ ਤੀਜੇ ਸਥਾਨ ‘ਤੇ ਹੈ। ਵਿਰਾਟ ਕੋਹਲੀ ਦੀ ਟੀਮ ਨੂੰ ਪਲੇਆਫ ਵਿੱਚ ਜਗ੍ਹਾ ਪੱਕਾ ਕਰਨ ਲਈ ਸਿਰਫ ਦੋ ਮੈਚ ਜਿੱਤਣ ਦੀ ਜ਼ਰੂਰਤ ਹੈ।
ਹਾਲਾਂਕਿ ਕੇਕੇਆਰ ਸਟਾਰ ਆਲਰਾਉਂਡਰ ਆਂਦਰੇ ਰਸਲ ਦੇ ਮਾੜੇ ਫਾਰਮ ਬਾਰੇ ਅਜੇ ਵੀ ਚਿੰਤਤ ਹੈ ਜੋ ਹੁਣ ਤੱਕ ਬੱਲੇ ਨਾਲ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ ਹੈ। ਪਿੱਛਲੇ ਸੈਸ਼ਨ ਵਿੱਚ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਸਲ ਮੌਜੂਦਾ ਸੀਜ਼ਨ ਵਿੱਚ ਨੌਂ ਮੈਚਾਂ ‘ਚ 11.50 ਦੀ ਔਸਤ ਨਾਲ ਸਿਰਫ 92 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ। ਇਹ ਜਮੈਕਨ ਆਲਰਾਉਂਡਰ ਫੀਲਡਿੰਗ ਵਿੱਚ ਵੀ ਸੰਘਰਸ਼ ਕਰਦਾ ਦਿਖਿਆ ਹੈ। ਪਿੱਛਲੇ ਮੈਚ ਵਿੱਚ, ਰਸਲ ਆਖਰੀ ਓਵਰ ਗੇਂਦਬਾਜ਼ੀ ਕਰਦੇ ਹੋਏ ਕਾਫ਼ੀ ਪਰੇਸ਼ਾਨ ਦਿਖਾਈ ਦਿੱਤੇ ਸੀ। ਸਪਿਨ ਵਿਭਾਗ ‘ਚ ਇਹ ਵੇਖਣਾ ਹੋਵੇਗਾ ਕਿ ਸੁਨੀਲ ਨਾਰਾਇਣ ਨੂੰ ਕੋਈ ਮੌਕਾ ਮਿਲਦਾ ਹੈ ਜਾਂ ਨਹੀਂ ਜਿਸ ਦੇ ਗੇਂਦਬਾਜ਼ੀ ਐਕਸ਼ਨ ਨੂੰ ਮਨਜ਼ੂਰੀ ਮਿਲ ਗਈ ਹੈ। ਹੈਦਰਾਬਾਦ ਦੇ ਖਿਲਾਫ ਖੇਡਣ ਵਾਲੇ ਲੈੱਗ ਸਪਿਨਰ ਕੁਲਦੀਪ ਯਾਦਵ ਨੇ ਬਾਕਾਇਦਾ ਸਪਿਨਰ ਵਰੁਣ ਚੱਕਰਵਰਤੀ ਨਾਲ ਮਿਲ ਕੇ ਲਾਹੇਵੰਦ ਪ੍ਰਦਰਸ਼ਨ ਕੀਤਾ। ਕਪਤਾਨ ਈਓਨ ਮੋਰਗਨ, ਤੇਜ਼ ਗੇਂਦਬਾਜ਼ ਪੈਟ ਕਮਿੰਸ ਅਤੇ ਲਾਕੀ ਫਰਗੂਸਨ ਦਾ ਖੇਡਣਾ ਤੈਅ ਹੈ। ਅਜਿਹੀ ਸਥਿਤੀ ਵਿੱਚ ਕੋਲਕਾਤਾ ਦੀ ਟੀਮ ਸੁਨੀਲ ਨਾਰਾਇਣ ਨੂੰ ਰਸਲ ਦੀ ਜਗ੍ਹਾ ਚੌਥੇ ਵਿਦੇਸ਼ੀ ਖਿਡਾਰੀ ਵਜੋਂ ਸ਼ਾਮਿਲ ਕਰ ਸਕਦੀ ਹੈ।