ipl 2020 kxip vs mi: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀਰਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਟੱਕਰ ਹੋਵੇਗੀ। ਕਿੰਗਜ਼ ਇਲੈਵਨ ਦੇ ਮੁੱਖ ਕੋਚ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਮੁੰਬਈ ਇੰਡੀਅਨਜ਼ ਲਈ ਇੱਥੇ ਦੀਆਂ ਸਥਿਤੀਆਂ ਨਾਲ ਤਾਲਮੇਲ ਬਿਠਾਉਣਾ ਮਹੱਤਵਪੂਰਨ ਹੋਵੇਗਾ। ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਪਹਿਲੇ ਦੋ ਮੈਚ ਦੁਬਈ ਵਿੱਚ ਖੇਡੇ ਸਨ ਜਦਕਿ ਤੀਜਾ ਮੈਚ ਸ਼ਾਰਜਾਹ ਵਿਉੱਚ ਹੋਇਆ ਸੀ ਅਤੇ ਹੁਣ ਉਹ ਆਪਣਾ ਪਹਿਲਾ ਮੈਚ ਅਬੂ ਧਾਬੀ ਵਿੱਚ ਖੇਡਣਗੇ। ਕੁੰਬਲੇ ਨੇ ਕਿਹਾ, “ਮੇਰੇ ਖਿਆਲ ਵਿੱਚ ਸਾਨੂੰ ਹਾਲਤਾਂ ਦੇ ਅਨੁਸਾਰ ਚਲਦੇ ਰਹਿਣ ਦੀ ਜ਼ਰੂਰਤ ਹੈ। ਜਿਵੇਂ ਕਿ ਮੈਂ ਰਾਜਸਥਾਨ ਖਿਲਾਫ ਪਿੱਛਲੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਅਬੂ ਧਾਬੀ ਜਾ ਰਹੇ ਹਾਂ, ਜੋ ਸਾਡੇ ਲਈ ਨਵੀਂ ਜਗ੍ਹਾ ਹੈ।” ਉਨ੍ਹਾਂ ਨੇ ਕਿਹਾ, “ਇਹ ਨਵਾਂ ਮੈਦਾਨ ਹੈ। ਇਹ ਮੈਦਾਨ ਥੋੜਾ ਵੱਡਾ ਹੈ ਅਤੇ ਇਸਦੀ ਸੀਮਾ ਵੀ ਵੱਡੀ ਹੈ, ਇਸ ਲਈ ਇੱਥੇ ਇੱਕ ਛੱਕਾ ਮਾਰਨਾ ਸੌਖਾ ਨਹੀਂ ਹੋਵੇਗਾ। ਪਰ ਸਾਨੂੰ ਪਤਾ ਹੈ ਕਿ ਸਾਨੂੰ ਜਲਦੀ ਹੀ ਇੱਥੇ ਦੀਆਂ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਪਏਗਾ।”
ਮੁੰਬਈ ਖਿਲਾਫ ਹੋਣ ਵਾਲੇ ਮੈਚ ਦੇ ਬਾਰੇ ‘ਚ ਕੁੰਬਲੇ ਨੇ ਕਿਹਾ, “ਮੁੰਬਈ ਇੱਕ ਬਹੁਤ ਹੀ ਮਜ਼ਬੂਤ ਟੀਮ ਹੈ ਅਤੇ ਅਸੀਂ ਇਸ ਨੂੰ ਜਾਣਦੇ ਹਾਂ। ਉਹ ਪਿੱਛਲੇ ਕੁੱਝ ਸਾਲਾਂ ਤੋਂ ਇੱਕੋ ਟੀਮ ਨਾਲ ਖੇਡ ਰਹੇ ਹਨ। ਸਾਨੂੰ ਉਨ੍ਹਾਂ ਦਾ ਮਜ਼ਬੂਤ ਪੱਖ ਪਤਾ ਹੈ ਅਤੇ ਉਨ੍ਹਾਂ ਦੇ ਖਿਲਾਫ ਸਾਨੂੰ ਆਪਣੀ ‘ਏ’ ਪੱਧਰ ਦੀ ਖੇਡ ਪ੍ਰਦਰਸ਼ਿਤ ਕਰਨੀ ਪਵੇਗੀ।” ਉਨ੍ਹਾਂ ਨੇ ਕਿਹਾ, “ਅਸੀਂ ਪਿੱਛਲੇ ਤਿੰਨ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਇਸੇ ਭਾਵਨਾ ਨਾਲ ਇਸ ਮੈਚ ਖੇਡਣ ਲਈ ਉਤਸ਼ਾਹਿਤ ਹਾਂ।” ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਦੀਆਂ ਟੀਮਾਂ ਹੁਣ ਤੱਕ ਆਪਣੇ ਤਿੰਨ ਵਿੱਚੋਂ ਦੋ ਮੈਚ ਹਾਰ ਗਈਆਂ ਹਨ। ਦੋਵੇਂ ਟੀਮਾਂ ਵੀਰਵਾਰ ਨੂੰ ਪੁਆਇੰਟ ਟੇਬਲ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪੂਰੀ ਕੋਸ਼ਿਸ਼ ਕਰਨਗੀਆਂ।