IPL 2021 MI vs DC : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦੇ 13 ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (ਐਮਆਈ) ਦਾ ਸਾਹਮਣਾ ਮੰਗਲਵਾਰ ਨੂੰ ਚੇਨਈ ਵਿੱਚ ਦਿੱਲੀ ਕੈਪੀਟਲ (ਡੀਸੀ) ਨਾਲ ਹੋਵੇਗਾ। ਪਿੱਛਲੇ ਸੀਜ਼ਨ ਦੀ ਉਪ ਜੇਤੂ ਦਿੱਲੀ ਕੈਪੀਟਲਸ, ਬੀਤੇ ਸਾਲ ਦੀ ਚੈਂਪੀਅਨ ਮੁੰਬਈ ਨੂੰ ਹਰਾਉਣ ਲਈ ਆਪਣੀ ਪੂਰੀ ਤਾਕਤ ਲਗਾਏਗੀ। ਮੈਚ ਸ਼ਾਮ 7.30 ਵਜੇ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਜੇਕਰ ਮੁੰਬਈ ਇੰਡੀਅਨਜ਼ ਦੀ ਮਜ਼ਬੂਤ ਟੀਮ ਲਗਾਤਾਰ ਆਪਣਾ ਤੀਜਾ ਮੈਚ ਜਿੱਤਣਾ ਹੈ, ਤਾਂ ਉਨ੍ਹਾਂ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਆਪਣੀ ਮੱਧ-ਕ੍ਰਮ ਦੀਆਂ ਸਮੱਸਿਆਵਾਂ ‘ਤੇ ਕਾਬੂ ਪਾਉਣਾ ਪਏਗਾ। ਹੁਣ ਤੱਕ ਦੋਵਾਂ ਨੇ ਤਿੰਨ ਮੈਚਾਂ ਵਿੱਚ 2-2 ਮੈਚ ਜਿੱਤੇ ਹਨ।
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ ਅਤੇ ਦਿੱਲੀ ਵਿਚਾਲੇ ਹੁਣ ਤੱਕ (2008-2020) 28 ਮੈਚ ਹੋ ਚੁੱਕੇ ਹਨ। ਮੁੰਬਈ ਨੇ 16 ਮੈਚ ਜਿੱਤੇ ਹਨ, ਜਦੋਂਕਿ ਦਿੱਲੀ ਨੇ 12 ਜਿੱਤੇ ਹਨ। ਮੁੰਬਈ ਦਾ ਪੱਲੜਾ ਭਾਰੀ ਹੈ, ਪਿਛਲੇ ਪੰਜ ਮੈਚਾਂ ‘ਚ ਮੁੰਬਈ ਨੇ ਦਿੱਲੀ ਨੂੰ ਮਾਤ ਦਿੱਤੀ ਹੈ। ਵਾਨਖੇੜੇ ਸਟੇਡੀਅਮ ਵਿੱਚ ਪੰਜਾਬ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਦਿੱਲੀ ਦੀ ਟੀਮ ਇਸ ਮੈਚ ਵਿੱਚ ਖੇਡੇਗੀ, ਜਦਕਿ ਮੁੰਬਈ ਨੇ ਲਗਾਤਾਰ ਛੋਟੇ ਟੀਚਿਆਂ ਦਾ ਬਚਾਅ ਕਰਦਿਆਂ ਜਿੱਤ ਹਾਸਿਲ ਕੀਤੀ ਹੈ। ਪਰ ਇਹ ਦਿੱਲੀ ਦੇ ਖਿਲਾਫ ਨਹੀਂ ਹੋਣ ਵਾਲਾ ਹੈ, ਉਨ੍ਹਾਂ ਨੂੰ ਇਸ ਮੈਚ ਵਿੱਚ ਹਰ ਵਿਭਾਗ ‘ਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ ਪਏਗਾ।