IPL 2021 RR vs KKR : ਕੋਲਕਾਤਾ ਨਾਈਟ ਰਾਈਡਰਜ਼ (KKR) ਆਈਪੀਐਲ ਦੇ 14 ਵੇਂ ਸੀਜ਼ਨ ਦੇ 18 ਵੇਂ ਮੈਚ ਵਿੱਚ ਸ਼ਨੀਵਾਰ ਨੂੰ ਮੁੰਬਈ ਵਿੱਚ ਰਾਜਸਥਾਨ ਰਾਇਲਜ਼ (RR) ਨਾਲ ਭਿੜੇਗੀ। ਚੋਟੀ ਦੇ ਬੱਲੇਬਾਜ਼ੀ ਕ੍ਰਮ ਦੀ ਅਸਫਲਤਾ ਕਾਰਨ ਲਗਾਤਾਰ ਮਿਲ ਰਹੀਆਂ ਹਾਰਾਂ ਤੋਂ ਦੁਖੀ ਦੋਵੇਂ ਟੀਮਾਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਣ ਅਤੇ ਜਿੱਤਣ ਵਾਲੇ ਰਸਤੇ ‘ਤੇ ਵਾਪਿਸ ਆਉਣ ਦੀ ਕੋਸ਼ਿਸ਼ ਕਰਨਗੀਆਂ। ਮੈਚ ਸ਼ਾਮ 7.30 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਇੰਗਲੈਂਡ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਈਯਨ ਮੋਰਗਨ ਦੀ ਅਗਵਾਈ ਵਾਲੀ ਕੇਕੇਆਰ ਅਤੇ ਘੱਟ ਤਜਰਬੇਕਾਰ ਸੰਜੂ ਸੈਮਸਨ ਦੇ ਅਧੀਨ ਖੇਡ ਰਹੇ ਰਾਇਲਜ਼ ਨੇ ਅਜੇ ਤੱਕ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਦੋਵਾਂ ਟੀਮਾਂ ਦੀਆਂ ਮੁਸ਼ਕਲਾਂ ਇੱਕੋ ਜਿਹੀਆਂ ਹਨ। ਉਨ੍ਹਾਂ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਵੱਡੇ ਸਕੋਰ ਕਰਨ ਅਤੇ ਸਾਂਝੇਦਾਰੀ ਬਣਾਉਣ ਵਿੱਚ ਅਸਫਲ ਰਹੇ ਹਨ।
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੁਣ ਤੱਕ (2008-2020) 22 ਮੈਚ ਹੋ ਚੁੱਕੇ ਹਨ। ਕੋਲਕਾਤਾ ਨੇ 12 ਅਤੇ ਰਾਜਸਥਾਨ ਨੇ 10 ਮੈਚ ਜਿੱਤੇ ਹਨ। ਕੋਲਕਾਤਾ ਨੇ ਪਿੱਛਲੇ 5 ਮੈਚਾਂ ਵਿੱਚ ਰਾਜਸਥਾਨ ਨੂੰ 4 ਵਾਰ ਹਰਾਇਆ ਹੈ। ਕੇਕੇਆਰ ਨੇ ਪਹਿਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ ਸੀ, ਪਰ ਇਸ ਤੋਂ ਉਸ ਨੂੰ ਲਗਾਤਾਰ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਕੇਕੇਆਰ ਚਾਰ ਮੈਚਾਂ ਵਿੱਚ ਇੱਕ ਜਿੱਤ ਨਾਲ ਪੁਆਇੰਟ ਟੇਬਲ ਵਿੱਚ ਸੱਤਵੇਂ ਸਥਾਨ ‘ਤੇ ਹੈ ਅਤੇ ਹੁਣ ਆਖਰੀ ਸਥਾਨ ਵਾਲੀ ਰਾਇਲਜ਼ ਦਾ ਸਾਹਮਣਾ ਕਰਨਾ ਹੈ, ਜਿਸ ਨੂੰ ਵੀ ਚਾਰ ਮੈਚਾਂ ਵਿੱਚੋਂ ਤਿੰਨ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਇਨ੍ਹਾਂ ਦੋਵਾਂ ਟੀਮਾਂ ਦੀਆਂ ਨਜ਼ਰਾਂ ਆਪਣੀ ਮੁਹਿੰਮ ਨੂੰ ਮੁੜ ਲੀਹ ‘ਤੇ ਲਿਆਉਣ ‘ਤੇ ਟਿਕੀਆਂ ਹੋਣਗੀਆਂ।