ipl kxip owner says: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਦੇ ਦੂਜੇ ਮੈਚ ਤੋਂ ਬਾਅਦ ਮਾੜੀ ਅੰਪਾਇਰਿੰਗ ਨੂੰ ਲੈ ਕੇ ਉੱਠਿਆ ਵਿਵਾਦ ਅਜੇ ਖਤਮ ਨਹੀਂ ਹੋਇਆ। ਅੰਪਾਇਰਿੰਗ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਧੇਰੇ ਵਰਤੋਂ ਦੀ ਮੰਗ ਕੀਤੀ ਜਾ ਰਹੀ ਹੈ। ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਮੈਚ ਦੇ ਵਿੱਚ ਅੰਪਾਇਰ ਸ਼ੋਟ ਦੌੜ ਦੇ ਮਾਮਲੇ ਵਿੱਚ ਗ਼ਲਤੀ ਕਰ ਗਏ ਅਤੇ ਨਤੀਜੇ ਵਜੋਂ ਕਿੰਗਜ਼ ਇਲੈਵਨ ਪੰਜਾਬ ਨੂੰ ਇਸ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਕਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ, ਬੀਸੀਸੀਆਈ ਨੂੰ ਅੰਪਾਇਰਿੰਗ ਦੇ ਪੱਧਰ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਦੇ ਖਿਲਾਫ ਸੁਪਰ ਓਵਰ ‘ਚ ਪੰਜਾਬ ਦੀ ਹਾਰ ਤੋਂ ਥੋੜ੍ਹਾ ਸਮਾਂ ਪਹਿਲਾਂ ਓਨਫੀਲਡ ਅੰਪਾਇਰ ਨਿਤਿਨ ਮੈਨਨ ਨੇ ਇੱਕ ਵਿਵਾਦਪੂਰਨ ਫੈਸਲਾ ਲਿਆ ਸੀ। ਪਰ ਟੀਵੀ ਰਿਪਲੇਅ ਤੋਂ ਇਹ ਸਪਸ਼ਟ ਸੀ ਕਿ ਪੰਜਾਬ ਨੂੰ ਇਹ ਦੌੜ ਮਿਲਣੀ ਚਾਹੀਦੀ ਸੀ।
ਵਾਡੀਆ ਨੇ ਕਿਹਾ, “ਇਹ ਬੜੇ ਦੁੱਖ ਦੀ ਗੱਲ ਹੈ ਕਿ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਇਸ ਯੁੱਗ ਵਿੱਚ ਵੀ ਅਸੀਂ ਕ੍ਰਿਕਟ ਮੈਚ ‘ਚ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਲਈ ਟੈਕਨੋਲੋਜੀ ਦੀ ਵਰਤੋਂ ਨਹੀਂ ਕਰ ਰਹੇ ਜਿਵੇਂ ਕਿ ਈਪੀਐਲ ਜਾਂ ਐਨਬੀਏ ਵਿੱਚ ਹੁੰਦਾ ਹੈ।” ਉਨ੍ਹਾਂ ਕਿਹਾ, “ਮੈਂ ਬੀ.ਸੀ.ਸੀ.ਆਈ. ਨੂੰ ਬੇਨਤੀ ਕਰਾਂਗਾ ਕਿ ਅੰਪਾਇਰਿੰਗ ਦੇ ਪੱਧਰ ਨੂੰ ਬਿਹਤਰ ਬਣਾਇਆ ਜਾਵੇ ਅਤੇ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਇਸ ਲੀਗ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਬਣੀ ਰਹੇ, ਜਿਹੜੀ ਦੁਨੀਆ ਦੀਆਂ ਸਰਬੋਤਮ ਲੀਗਾਂ ਵਿੱਚੋਂ ਇੱਕ ਹੈ।” ਵਾਡੀਆ ਨੇ ਬੀਸੀਸੀਆਈ ਤੋਂ ਆਈਪੀਐਲ ਦੇ ਨਿਯਮਾਂ ‘ਚ ਤਬਦੀਲੀ ਦੀ ਮੰਗ ਵੀ ਕੀਤੀ ਹੈ। ਵਾਡੀਆ ਦਾ ਮੰਨਣਾ ਹੈ ਕਿ ਜੇ ਬੀਸੀਸੀਆਈ ਨੇ ਨਿਯਮਾਂ ਨੂੰ ਬਦਲਿਆ ਤਾਂ ਅਜਿਹੀਆਂ ਘਟਨਾਵਾਂ ਵਿੱਚ ਕਮੀ ਆ ਸਕਦੀ ਹੈ।