Khelo India Youth Games: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਹਰਿਆਣਾ 2021 ਵਿੱਚ ਹੋਣ ਜਾ ਰਹੀ ‘ਖੇਲੋ ਇੰਡੀਆ ਯੂਥ ਖੇਡਾਂ’ ਦੇ ਚੌਥੇ ਸੀਜ਼ਨ ਦੀ ਮੇਜ਼ਬਾਨੀ ਕਰੇਗਾ। ਇਹ ਖੇਡਾਂ ਅਗਲੇ ਸਾਲ ਟੋਕਿਓ ਓਲੰਪਿਕ ਦੇ ਬਾਅਦ ਪੰਚਕੁਲਾ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਵੀਡੀਓ ਕਾਨਫਰੰਸ ਰਾਹੀਂ ਕੀਤੀ ਇਸ ਘੋਸ਼ਣਾ ਵਿੱਚ ਰਿਜੀਜੂ ਨੇ ਕਿਹਾ, ‘ਖੇਲੋ ਇੰਡੀਆ ਯੂਥ ਗੇਮਜ਼‘ ਆਮ ਤੌਰ ‘ਤੇ ਹਰ ਸਾਲ ਜਨਵਰੀ ਵਿੱਚ ਆਯੋਜਤ ਹੁੰਦੀਆਂ ਹਨ। ਇਸ ਵਾਰ ਮਹਾਂਮਾਰੀ ਦੇ ਕਾਰਨ ਅਸੀਂ ਇਸਨੂੰ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ ਮੈਨੂੰ ਯਕੀਨ ਹੈ ਕਿ ਜਦੋਂ ਤੱਕ ਅਸੀਂ ਖੇਡਾਂ ਦੀ ਮੇਜ਼ਬਾਨੀ ਕਰਾਂਗੇ, ਮਹਾਂਮਾਰੀ ਖਤਮ ਹੋ ਜਾਵੇਗੀ। ਅਸੀਂ ਸਾਰੇ ਰਾਜਾਂ ਅਤੇ 10,000 ਤੋਂ ਵੱਧ ਭਾਗੀਦਾਰਾਂ ਦੀ ਭਾਗੀਦਾਰੀ ਨਾਲ ਇੱਕੋ ਪੈਮਾਨੇ ‘ਤੇ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਹੋਵਾਂਗੇ। ਹਰਿਆਣਾ ਨੇ ਇਨ੍ਹਾਂ ਖੇਡਾਂ ਦੇ ਆਖਰੀ ਤਿੰਨ ਸੀਜ਼ਨਾ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਰਾਜ 2019 ਅਤੇ 2020 ਵਿੱਚ ਤਗਮੇ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਰਿਹਾ ਹੈ।
ਖੱਟਰ ਨੇ ਕਿਹਾ, ‘ਇੱਕ ਰਾਜ ਵਜੋਂ ਹਰਿਆਣਾ ਨੇ ਹਮੇਸ਼ਾ ਖੇਡਾਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਹੈ ਅਤੇ ਆਪਣੇ ਐਥਲੀਟਾਂ ਦਾ ਸਮਰਥਨ ਕੀਤਾ ਹੈ। ਹਰਿਆਣੇ ਦੀਆਂ ਖੇਲੋ ਇੰਡੀਆ ਯੂਥ ਖੇਡਾਂ ਦੀ ਮੇਜ਼ਬਾਨੀ ਖੇਡਾਂ ਪ੍ਰਤੀ ਸਾਡੀ ਵਚਨਬੱਧਤਾ ਦਰਸਾਉਂਦੀ ਹੈ।’ ਉਨ੍ਹਾਂ ਨੇ ਅੱਗੇ ਕਿਹਾ ਕਿ ਪੰਚਕੂਲਾ ਕੋਲ ਖੇਲੋ ਇੰਡੀਆ ਯੂਥ ਗੇਮਜ਼ ਵਰਗੇ ਬਹੁ-ਖੇਡ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਲਈ ਸਰਬੋਤਮ ਖੇਡ ਬੁਨਿਆਦੀ ਢਾਂਚਾ ਹੈ। ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਲਿਆਂ ਲਈ ਰਿਹਾਇਸ਼ ਦੀ ਸਹੂਲਤ ਹੈ। ਹਰਿਆਣਾ ਨੇ ਦੇਸ਼ ਨੂੰ ਬਹੁਤ ਸਾਰੇ ਮਹਾਨ ਅਥਲੀਟ ਦਿੱਤੇ ਹਨ, ਜਿਨ੍ਹਾਂ ਵਿੱਚ ਪਹਿਲਵਾਨ ਯੋਗੇਸ਼ਵਰ ਦੱਤ, ਬਜਰੰਗ ਪੁਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਟ ਦੇ ਅਲਾਵਾ ਪੈਰਾ-ਐਥਲੀਟ ਦੀਪਾ ਮਲਿਕ, ਜੈਵਲਿਨ ਖਿਡਾਰੀ ਨੀਰਜ ਚੋਪੜਾ, ਮੁੱਕੇਬਾਜ਼ ਅਮਿਤ ਪੰਗਲ ਅਤੇ ਨਿਸ਼ਾਨੇਬਾਜ਼ ਸੰਜੀਵ ਰਾਜਪੂਤ, ਮਨੂ ਭਾਕਰ, ਅਨੀਸ਼ ਭਾਨਵਾਲਾ ਵਰਗੇ ਖਿਡਾਰੀ ਜਿਨ੍ਹਾਂ ਨੇ ਅੰਤਰ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤੇ ਹਨ। ਰਿਜਿਜੂ ਨੇ ਕਿਹਾ, ‘ਹਰਿਆਣਾ ਪਹਿਲਾਂ ਤੋਂ ਹੀ ਇੱਕ ਬਹੁਤ ਮਜ਼ਬੂਤ ਖੇਡ ਸਭਿਆਚਾਰ ਹੈ ਅਤੇ ਉਸਨੇ ਦੇਸ਼ ਨੂੰ ਸਰਬੋਤਮ ਅਥਲੀਟ ਦਿੱਤੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਰਾਜ ‘ਚ ਖੇਡਾਂ ਦੀ ਮੇਜ਼ਬਾਨੀ ਵਧੇਰੇ ਅਥਲੀਟਾਂ ਨੂੰ ਮੁਕਾਬਲੇ ਵਾਲੀਆਂ ਖੇਡਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।’