Kieron pollards father passes away : ਵੈਸਟਇੰਡੀਜ਼ ਦੇ ਸੀਮਤ ਓਵਰ ਫਾਰਮੈਟ ਦੇ ਕਪਤਾਨ ਕੈਰਨ ਪੋਲਾਰਡ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਪੋਲਾਰਡ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੋਲਾਰਡ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ। ਸਾਂਝੀ ਕੀਤੀ ਤਸਵੀਰ ‘ਚ ਪੋਲਾਰਡ ਅਤੇ ਉਸ ਦੇ ਪਿਤਾ ਆਈਪੀਐਲ ਟਰਾਫੀ ਦੇ ਨਾਲ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਪੋਲਾਰਡ ਵੈਸਟਇੰਡੀਜ਼ ਕ੍ਰਿਕਟ ਟੀਮ ਦਾ ਸੀਮਤ ਓਵਰਾਂ ਵਿੱਚ ਕਪਤਾਨ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਵੈਸਟਇੰਡੀਜ਼ ਨੇ ਸ਼੍ਰੀਲੰਕਾ ਖ਼ਿਲਾਫ਼ ਵਨਡੇ ਅਤੇ ਟੀ -20 ਸੀਰੀਜ਼ ’ਤੇ ਕਬਜ਼ਾ ਕੀਤਾ ਸੀ। ਪੋਲਾਰਡ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਵਲੋਂ ਖੇਡਦਾ ਹੈ। ਪੋਲਾਰਡ ਨੇ ਨਾ ਸਿਰਫ ਆਪਣੇ ਦਮ ‘ਤੇ ਮੁੰਬਈ ਨੂੰ ਬਹੁਤ ਸਾਰੇ ਮੈਚ ਜਿਤਾਏ ਹਨ, ਬਲਕਿ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੋਲਾਰਡ 2010 ਤੋਂ ਮੁੰਬਈ ਇੰਡੀਅਨਜ਼ ਲਈ ਖੇਡ ਰਿਹਾ ਹੈ। ਪੋਲਾਰਡ ਨੇ ਆਈਪੀਐਲ ਦੇ 164 ਮੈਚ ਖੇਡੇ ਹਨ, ਜਿਸ ਵਿੱਚ ਉਸਨੇ 3023 ਦੌੜਾਂ ਬਣਾਈਆਂ ਹਨ ਅਤੇ 60 ਵਿਕਟਾਂ ਆਪਣੇ ਨਾਮ ਕੀਤੀਆਂ ਹਨ।
ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪੋਲਾਰਡ ਦੇ ਪਿਤਾ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਸਚਿਨ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ। ਸਚਿਨ ਨੇ ਲਿਖਿਆ ਕਿ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਹੈ ਕਿ ਤੁਹਾਡੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸੋਗ ਦੀ ਇਸ ਘੜੀ ਵਿੱਚ ਤੁਹਾਡੇ ਅਤੇ ਤੁਹਾਡੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ। ਪ੍ਰਮਾਤਮਾ ਤੁਹਾਨੂੰ ਇਸ ਨੁਕਸਾਨ ਤੋਂ ਉਬਰਨ ਦੀ ਤਾਕਤ ਦੇਵੇ।