Kl rahul says : ਗੁੱਟ ਦੀ ਸੱਟ ਕਾਰਨ ਆਸਟ੍ਰੇਲੀਆ ਦੌਰੇ ਨੂੰ ਵਿਚਕਾਰ ਛੱਡ ਵਾਪਿਸ ਭਾਰਤ ਪਰਤਿਆ ਬੱਲੇਬਾਜ਼ ਕੇਐਲ ਰਾਹੁਲ ਇੱਕ ਵਾਰ ਫਿਰ ਆਪਣੀ ਖੇਡ ਦਿਖਾਉਣ ਲਈ ਤਿਆਰ ਹੈ। ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਤਿਆਰ ਹੈ। 28 ਸਾਲਾ ਰਾਹੁਲ ਆਸਟ੍ਰੇਲੀਆ ਖ਼ਿਲਾਫ਼ ਵਨਡੇ ਅਤੇ ਟੀ -20 ਸੀਰੀਜ਼ ਖੇਡਿਆ ਸੀ, ਪਰ ਉਸ ਨੂੰ ਪਹਿਲੇ ਦੋ ਟੈਸਟ ਮੈਚਾਂ ਵਿੱਚ ਮੌਕਾ ਨਹੀਂ ਮਿਲਿਆ। ਮੈਲਬੌਰਨ ਵਿੱਚ ਉਸ ਦੇ ਖੱਬੇ ਹੱਥ ਦੇ ਗੁੱਟ ‘ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਪਿੱਛਲੇ ਦੋ ਟੈਸਟਾਂ ਵਿੱਚੋਂ ਬਾਹਰ ਹੋ ਗਿਆ ਸੀ। ਇਸ ਤੋਂ ਬਾਅਦ ਰਾਹੁਲ ਘਰ ਪਰਤਿਆ ਅਤੇ ਫਿੱਟਨੈਸ ਲਈ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਸ਼ਾਮਿਲ ਹੋਇਆ।
ਰਾਹੁਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, “ਖੁਸ਼ੀ ਹੈ ਕਿ ਮੈਂ ਚੰਗੀ ਤਰ੍ਹਾਂ ਫਿੱਟ ਹੋ ਗਿਆ ਹਾਂ। ਦੁਬਾਰਾ ਤੰਦਰੁਸਤ ਅਤੇ ਸਿਹਤਮੰਦ ਹੋਣ ਨਾਲੋਂ ਕੁੱਝ ਵੀ ਚੰਗਾ ਨਹੀਂ ਹੁੰਦਾ। ਖਿਡਾਰੀਆਂ ਨਾਲ ਵਾਪਿਸ ਆਉਣਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ। ਦੇਸ਼ ਦੀ ਪ੍ਰਤੀਨਿਧਤਾ ਕਰਨਾ ਮਾਣ ਵਾਲੀ ਗੱਲ ਹੈ। ਮੇਰੀ ਨਜ਼ਰ ਹੁਣ ਘਰੇਲੂ ਸੀਰੀਜ਼ ‘ਤੇ ਹੈ।” ਆਸਟ੍ਰੇਲੀਆ ਵਿੱਚ ਸੀਮਤ ਓਵਰਾਂ ਦੀ ਲੜੀ ਵਿੱਚ ਦੋ ਅਰਧ ਸੈਂਕੜੇ ਲਗਾਉਣ ਵਾਲੇ ਰਾਹੁਲ ਨੂੰ ਚੇਨਈ ਵਿੱਚ 5 ਫਰਵਰੀ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੇ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।