Kohli celebrates birthday: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ । ਮੌਜੂਦਾ ਸਮੇਂ ਵਿੱਚ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹੈ । ਸਿਰਫ ਇਹ ਹੀ ਨਹੀਂ, ਪਿੱਛਲੇ ਕੁੱਝ ਸਾਲਾਂ ਤੋਂ ਵਿਰਾਟ ਕੋਹਲੀ ਨੇ ਜਿਸ ਰਫਤਾਰ ਨਾਲ ਦੌੜਾਂ ਬਣਾਈਆਂ ਹਨ, ਉਨ੍ਹਾਂ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਵਿਰਾਟ ਕੋਹਲੀ ਰਿਟਾਇਰਮੈਂਟ ਤੋਂ ਪਹਿਲਾਂ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕਰ ਲੈਣਗੇ। ਵਿਰਾਟ ਕੋਹਲੀ ਨੇ ਹੁਣ ਤੱਕ ਟੀਮ ਇੰਡੀਆ ਲਈ 86 ਟੈਸਟ, 248 ਵਨਡੇ ਅਤੇ 82 T20 ਮੈਚ ਖੇਡੇ ਹਨ । ਵਿਰਾਟ ਕੋਹਲੀ ਦਾ ਤਿੰਨੋਂ ਫਾਰਮੈਟਾਂ ਵਿੱਚ ਕੋਈ ਮੇਲ ਨਹੀਂ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਦੀ ਟੈਸਟ, ਵਨਡੇ ਅਤੇ ਟੀ-20 ਵਿੱਚ ਬੱਲੇਬਾਜ਼ੀ ਔਸਤ 50 ਤੋਂ ਵੱਧ ਦੀ ਹੈ। ਕੋਹਲੀ ਨੇ ਆਪਣਾ 32 ਵਾਂ ਜਨਮਦਿਨ ਆਪਣੀ ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਸਾਥੀ ਖਿਡਾਰੀਆਂ ਨਾਲ ਮਨਾਇਆ ਹੈ। ਇਸ ਪਾਰਟੀ ਵਿੱਚ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਸ਼ਾਮਿਲ ਸੀ।
ਵਿਰਾਟ ਕੋਹਲੀ ਦੇ ਜਨਮ ਦਿਨ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਵਿਰਾਟ ਕੋਹਲੀ ਦੇ ਚਿਹਰੇ ‘ਤੇ ਸਾਥੀ ਖਿਡਾਰੀਆਂ ਵਲੋਂ ਕੇਕ ਥੈਰੇਪੀ ਕੀਤੀ ਹੋਈ ਨਜ਼ਰ ਆ ਰਹੀ ਹੈ। ਹੈਦਰਾਬਾਦ ਖਿਲਾਫ ਹੋਣ ਵਾਲੇ ਐਲੀਮੀਨੇਟਰ ਮੈਚ ਤੋਂ ਪਹਿਲਾਂ ਕੋਹਲੀ ਨੇ ਪਤਨੀ ਅਨੁਸ਼ਕਾ ਅਤੇ ਟੀਮ ਦੇ ਸਾਥੀਆਂ ਨਾਲ ਆਪਣਾ ਜਨਮਦਿਨ ਮਨਾਇਆ ਹੈ। ਰਾਇਲ ਚੈਲੇਂਜਰਜ਼ ਟੀਮ ਨੇ ਪਲੇਆਫ ਲਈ ਕੁਆਲੀਫਾਈ ਕੀਤਾ ਹੈ। ਉਹ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਸ਼ੁੱਕਰਵਾਰ ਨੂੰ, ਉਹ ਐਲੀਮੀਨੇਟਰ ਵਿੱਚ ਤੀਜੀ ਸਥਾਨ ‘ਤੇ ਆਉਣ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨਾਲ ਭਿੜੇਗੀ। ਦੱਸ ਦੇਈਏ ਕਿ ਵਿਰਾਟ ਕੋਹਲੀ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਹਨ। ਵਿਰਾਟ ਕੋਹਲੀ ਨੇ 2013 ਵਿੱਚ ਆਸਟ੍ਰੇਲੀਆ ਖਿਲਾਫ ਸਿਰਫ 52 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ ਸਨ । ਟੀ-20 ਕ੍ਰਿਕਟ ਵਿੱਚ ਵਿਰਾਟ ਕੋਹਲੀ ਨੇ ਆਈਸੀਸੀ ਰੈਂਕਿੰਗ ਵਿੱਚ ਸਭ ਤੋਂ ਵੱਧ 897 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਆਈਪੀਐਲ ਦੀਆਂ 183 ਪਾਰੀਆਂ ਵਿੱਚ 5872 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।