mandeep emotional after fifty said: ਕੋਲਕਾਤਾ ਨਾਈਟ ਰਾਈਡਰਜ਼ (KKR) ਖ਼ਿਲਾਫ਼ ਅਹਿਮ ਮੈਚ ਵਿੱਚ 66 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ, ਕਿੰਗਜ਼ ਇਲੈਵਨ ਪੰਜਾਬ (KXIP) ਦੇ ਬੱਲੇਬਾਜ਼ ਮਨਦੀਪ ਸਿੰਘ ਨੇ ਇਸ ਅਰਧ ਸੈਂਕੜੇ ਨੂੰ ਆਪਣੇ ਮਰਹੂਮ ਪਿਤਾ ਨੂੰ ਸਮਰਪਿਤ ਕੀਤਾ ਹੈ। ਮਨਦੀਪ ਨੇ ਕਿਹਾ ਕਿ ਉਸ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹ ‘ਨਾਟ’ ਆਊਟ ਰਹੇ। ਸ਼ੁੱਕਰਵਾਰ ਨੂੰ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਮਨਦੀਪ ਨੇ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਨਮ ਅੱਖਾਂ ਨਾਲ ਅਸਮਾਨ ਵੱਲ ਇਸ਼ਾਰਾ ਕੀਤਾ। ਮੈਚ ਤੋਂ ਬਾਅਦ ਮਨਦੀਪ ਨੇ ਕਿਹਾ, “ਇਹ ਬਹੁਤ ਹੀ ਖਾਸ ਪਾਰੀ ਹੈ। ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਸਨ ਕਿ ਮੈਨੂੰ ਨਾਟ ਨਹੀਂ ਆਊਟ ਰਹਿਣਾ ਚਾਹੀਦਾ ਹੈ। ਇਹ ਪਾਰੀ ਉਨ੍ਹਾਂ ਲਈ ਹੈ। ਜੇ ਮੈਂ ਕੋਈ ਸੈਂਕੜਾ ਜਾਂ ਦੋਹਰਾ ਸੈਂਕੜਾ ਵੀ ਬਣਾ ਲੈਂਦਾ ਸੀ, ਤਾਂ ਉਹ ਪੁੱਛਦੇ ਸੀ ਕਿ ਮੈਂ ਆਊਟ ਕਿਉਂ ਹੋਇਆ।”
ਮਨਦੀਪ ਨੇ ਆਪਣੀ ਪਾਰੀ ਬਾਰੇ ਕਿਹਾ, “ਮੇਰਾ ਕੰਮ ਤੇਜ਼ ਸਕੋਰ ਕਰਨਾ ਸੀ, ਪਰ ਮੈਂ ਇਸ ਕੰਮ ਨੂੰ ਸਹੀ ਤਰਾਂ ਨਹੀਂ ਕਰ ਸਕਦਾ ਸੀ। ਮੈਂ ਰਾਹੁਲ (ਕੇ.ਐਲ.) ਨੂੰ ਕਿਹਾ ਕਿ ਮੈਂ ਆਪਣੀ ਸੁਭਾਵਿਕ ਖੇਡ ਦਿਖਾ ਸਕਦਾ ਹਾਂ ਅਤੇ ਮੈਚ ਖਤਮ ਕਰ ਸਕਦਾ ਹਾਂ। ਰਾਹੁਲ ਨੇ ਮੇਰਾ ਸਮਰਥਨ ਕੀਤਾ ਅਤੇ ਖੁਦ ਹਮਲਾਵਰ ਰੁੱਖ ਆਪਣਾ ਕੇ ਖੇਡਿਆ।” ਕ੍ਰਿਸ ਗੇਲ ਨੇ ਵੀ 29 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਮਨਦੀਪ ਨੇ ਕਿਹਾ, “ਮੈਂ ਕ੍ਰਿਸ ਨੂੰ ਕਿਹਾ ਕਿ ਉਸ ਨੂੰ ਕਦੇ ਵੀ ਸੰਨਿਆਸ ਨਹੀਂ ਲੈਣਾ ਚਾਹੀਦਾ। ਉਹ ਯੂਨੀਵਰਸਲ ਬੌਸ ਹੈ। ਕੋਈ ਵੀ ਉਨ੍ਹਾਂ ਵਰਗਾ ਨਹੀਂ ਹੈ।” ਕੇਕੇਆਰ ਦੇ ਕਪਤਾਨ ਈਯਨ ਮੋਰਗਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਸ਼ੁਰੂਆਤੀ ਵਿਕਟ ਛੇਤੀ ਗੁਆਉਣ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ, “ਤੇਜ਼ ਵਿਕਟ ਗਵਾਉਣ ਤੋਂ ਬਾਅਦ ਸ਼ਾਰਜਾਹ ਵਿੱਚ ਜਵਾਬੀ ਹਮਲਾ ਹੋਣਾ ਲਾਜ਼ਮੀ ਹੈ। ਅਸੀਂ ਚੰਗੀ ਸਾਂਝੇਦਾਰੀ ਨਹੀਂ ਕਰ ਸਕੇ। ਸਾਨੂੰ 185 ਜਾਂ 190 ਦੌੜਾਂ ਬਣਨੀਆਂ ਚਾਹੀਦੀਆਂ ਸਨ। ਪਰ ਅਸੀਂ ਵਿਕਟਾਂ ਗੁਆਉਂਦੇ ਰਹੇ। ਸਾਨੂੰ ਬਾਕੀ ਦੇ ਦੋ ਮੈਚਾਂ ਵਿੱਚ ਸਰਵਉੱਤਮ ਪ੍ਰਦਰਸ਼ਨ ਕਰਨਾ ਪਏਗਾ।”