Michael hussey says : ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਟੀਮ ਇੰਡੀਆ ਦੇ ਨੌਜਵਾਨ ਓਪਨਰ ਸ਼ੁਬਮਨ ਗਿੱਲ ਦੀ ਪ੍ਰਸ਼ੰਸਾ ਕੀਤੀ ਹੈ। ਹਸੀ ਨੇ ਗਿੱਲ ਨੂੰ ਭਵਿੱਖ ਦਾ ਵੱਡਾ ਸਿਤਾਰਾ ਦੱਸਿਆ ਹੈ। ਹਸੀ ਬ੍ਰਿਸਬੇਨ ਟੈਸਟ ਵਿੱਚ ਗਿੱਲ ਦੀ ਸ਼ਾਨਦਾਰ ਪਾਰੀ ਤੋਂ ਪ੍ਰਭਾਵਿਤ ਹੋਏ ਹਨ। ਸ਼ੁਬਮਨ ਗਿੱਲ ਨੇ ਬ੍ਰਿਸਬੇਨ ਟੈਸਟ ਦੀ ਦੂਜੀ ਪਾਰੀ ਵਿੱਚ ਸ਼ਾਨਦਾਰ 91 ਦੌੜਾਂ ਬਣਾ ਕੇ ਭਾਰਤੀ ਟੀਮ ਦੀ ਜਿੱਤ ਦੀ ਨੀਂਹ ਰੱਖੀ, ਗਿੱਲ ਨੇ ਮੈਲਬੌਰਨ ‘ਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਡੈਬਿਊ ਕੀਤਾ ਸੀ। ਗਿੱਲ ਨੇ 3 ਟੈਸਟ ਮੈਚਾਂ ਵਿੱਚ 51.80 ਦੀ ਔਸਤ ਨਾਲ 259 ਦੌੜਾਂ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਿਲ ਹਨ। ਹਸੀ ਨੇ ਕਿਹਾ, “ਭਾਰਤ ਲਈ ਕੁੱਝ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਮੇਰੇ ਖਿਆਲ ਵਿੱਚ ਗਿੱਲ ਦੀ ਪਾਰੀ ਸ਼ਾਨਦਾਰ ਰਹੀ। ਉਹ ਆਉਣ ਵਾਲੇ ਸਮੇਂ ‘ਚ ਭਾਰਤ ਲਈ ਇੱਕ ਵੱਡਾ ਖਿਡਾਰੀ ਬਣ ਸਕਦਾ ਹੈ। ਜਿਸ ਤਰ੍ਹਾਂ ਗਿੱਲ ਨੇ ਪਾਰੀ ਨੂੰ ਅੱਗੇ ਵਧਾਇਆ ਮੈਨੂੰ ਉਸ ਦਾ ਪਾਰੀ ਦੀ ਅਗਵਾਈ ਕਰਨ ਦਾ ਤਰੀਕਾ ਪਸੰਦ ਆਇਆ।”
ਹਸੀ ਨੇ ਕਿਹਾ, ‘ਰਿਸ਼ਭ ਪੰਤ ਨੇ ਵੀ ਸ਼ਾਨਦਾਰ ਪਾਰੀ ਖੇਡੀ। ਐਡੀਲੇਡ ਟੈਸਟ ਤੋਂ ਬਾਅਦ, ਮੈਂ ਭਾਰਤ ਦੀਆਂ ਸੰਭਾਵਨਾਵਾਂ ਖ਼ਤਮ ਹੋਣ ਬਾਰੇ ਨਹੀਂ ਸੋਚ ਰਿਹਾ ਸੀ, ਪਰ ਮੈਂ ਸੋਚਿਆ ਕਿ ਕੋਹਲੀ ਦੇ ਘਰ ਪਰਤਣ ਤੋਂ ਬਾਅਦ ਭਾਰਤ ਲਈ ਵਾਪਸੀ ਕਰਨਾ ਮੁਸ਼ਕਿਲ ਹੋਵੇਗਾ। ਨਾਲ ਹੀ ਸ਼ਮੀ ਵੀ ਸੱਟ ਲੱਗਣ ਕਾਰਨ ਬਾਹਰ ਹੋਇਆ ਸੀ।’ ਹਸੀ ਨੇ ਕਿਹਾ, ‘ਮੈਂ ਸੋਚਿਆ ਸੀ ਕਿ ਭਾਰਤ ਨੂੰ ਇਨ੍ਹਾਂ ਖਿਡਾਰੀਆਂ ਦੀ ਕਮੀ ਮਹਿਸੂਸ ਹੋਵੇਗੀ ,ਪਰ ਮੈਲਬਰਨ’ ਚ ਟਾਸ ਦੌਰਾਨ ਅਜਿੰਕਿਆ ਰਹਾਣੇ ਦੀ ਟਿੱਪਣੀ ਤੋਂ ਮੈਂ ਹੈਰਾਨ ਰਹਿ ਗਿਆ। ਰਹਾਣੇ ਦਾ ਰਵੱਈਆ ਬਹੁਤ ਸਕਾਰਾਤਮਕ ਸੀ। ਉਸ ਨੇ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ। ਮੈਨੂੰ ਲਗਦਾ ਹੈ ਕਿ ਰਹਾਣੇ ਨੇ ਖਿਡਾਰੀਆਂ ਨੂੰ ਸਕਾਰਾਤਮਕ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੋਵੇਗਾ।
ਭਾਰਤ ਨੇ ਆਸਟ੍ਰੇਲੀਆ ਨੂੰ ਉਨ੍ਹਾਂ ਦੀ ਧਰਤੀ ‘ਤੇ ਹਰਾ ਕੇ ਬਾਰਡਰ-ਗਾਵਸਕਰ ਲੜੀ ‘ਤੇ 2-1 ਨਾਲ ਕਬਜ਼ਾ ਕੀਤਾ ਸੀ। ਚਾਰ ਮੈਚਾਂ ਦੀ ਲੜੀ ਦੌਰਾਨ ਭਾਰਤ ਦੇ ਕਈ ਖਿਡਾਰੀ ਜ਼ਖਮੀ ਹੋ ਗਏ ਸਨ। ਜਿਸਦੇ ਚਲਦੇ ਪੰਜ ਖਿਡਾਰੀਆਂ ਨੇ ਭਾਰਤ ਦੀ ਤਰਫੋਂ ਸੀਰੀਜ਼ ਵਿੱਚ ਸ਼ੁਰੂਆਤ ਕੀਤੀ। ਭਾਰਤ ਆਪਣੇ ਪਹਿਲੇ ਐਡੀਲੇਡ ਟੈਸਟ ਵਿੱਚ ਆਪਣੇ ਟੈਸਟ ਇਤਿਹਾਸ ‘ਚ ਸਭ ਤੋਂ ਘੱਟ ਸਕੋਰ ‘ਤੇ ਆਊਟ ਹੋਇਆ ਸੀ। ਇਸ ਤੋਂ ਬਾਅਦ, ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਇੱਕ ਸ਼ਾਨਦਾਰ ਵਾਪਸੀ ਕੀਤੀ।
ਇਹ ਵੀ ਦੇਖੋ : ਖਾਲਸਾ ਏਡ ਦੇ ਸ਼ੈਲਟਰ ਹਾਊਸ ਦੀ ਕੀਤੀ ਬੱਤੀ ਗੁੱਲ, ਅਫਸਰ ਕਹਿੰਦੇ ਉਤੋਂ ਆਡਰ ਆਏ ਨੇ