morgan broke dhoni record: ਇੰਗਲੈਂਡ ਨੂੰ ਭਾਵੇਂ ਹੀ ਆਇਰਲੈਂਡ ਖਿਲਾਫ ਖੇਡੇ ਗਏ ਆਖਰੀ ਵਨਡੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਟੀਮ ਦੇ ਕਪਤਾਨ ਈਯਨ ਮੋਰਗਨ ਨੇ ਇੱਕ ਇਤਿਹਾਸ ਰਚ ਦਿੱਤਾ ਹੈ। ਮੋਰਗਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਕਪਤਾਨ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਸ ਨੇ ਇਸ ਮਾਮਲੇ ਵਿੱਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਮੋਰਗਨ ਨੇ ਇਸ ਮੈਚ ਵਿੱਚ 84 ਗੇਂਦਾਂ ‘ਚ 106 ਦੌੜਾਂ ਬਣਾਈਆਂ ਜਿਸ ਵਿੱਚ 15 ਚੌਕੇ ਅਤੇ ਚਾਰ ਛੱਕੇ ਸ਼ਾਮਿਲ ਸਨ। ਹਾਲਾਂਕਿ ਇਸ ਮੈਚ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਆਇਰਲੈਂਡ ਦੇ ਸਾਹਮਣੇ 329 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਆਇਰਲੈਂਡ ਨੇ ਇੱਕ ਗੇਂਦ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਮੋਰਗਨ ਨੇ ਪਾਰੀ ‘ਚ ਲਾਏ ਚਾਰ ਛੱਕਿਆਂ ਦੀ ਮਦਦ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ 328 ਛੱਕੇ ਹੋ ਗਏ ਹਨ।
ਮੋਰਗਨ ਦੇ ਕਪਤਾਨ ਵਜੋਂ 212 ਛੱਕੇ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਧੋਨੀ ਨੂੰ ਪਛਾੜ ਦਿੱਤਾ। ਧੋਨੀ ਨੇ ਕਪਤਾਨ ਵਜੋਂ 211 ਛੱਕੇ ਲਗਾਏ ਹਨ। ਧੋਨੀ ਨੇ 332 ਮੈਚਾਂ ਵਿੱਚ ਇਹ ਛੱਕੇ ਲਾਏ ਸੀ। ਇਸਦੇ ਨਾਲ ਹੀ, ਮੋਰਗਨ ਨੇ 163 ਮੈਚਾਂ ਵਿੱਚ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਸੂਚੀ ਵਿਚ ਰਿੱਕੀ ਪੋਂਟਿੰਗ ਤੀਜੇ ਨੰਬਰ ‘ਤੇ ਹੈ। ਸਾਬਕਾ ਆਸਟ੍ਰੇਲੀਆਈ ਖਿਡਾਰੀ ਨੇ ਕਪਤਾਨ ਵਜੋਂ 171 ਛੱਕੇ ਲਗਾਏ ਹਨ। ਉਸ ਤੋਂ ਬਾਅਦ ਨਿਊਜ਼ੀਲੈਂਡ ਦਾ ਬਰੈਂਡਨ ਮੈਕਲਮ ਹੈ, ਜਿਸਨੇ 170 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਧੋਨੀ ਆਪਣੇ ਕਰੀਅਰ ਵਿੱਚ ਛੱਕੇ ਮਾਰਨ ਦੇ ਮਾਮਲੇ ‘ਚ ਅਜੇ ਵੀ ਮੋਰਗਨ ਤੋਂ ਅੱਗੇ ਹੈ। ਧੋਨੀ ਨੇ ਖੇਡ ਦੇ ਤਿੰਨੇ ਫਾਰਮੈਟਾਂ ਵਿੱਚ 359 ਛੱਕੇ ਲਗਾਏ ਹਨ ਜਦਕਿ ਮੋਰਗਨ ਦੇ 328 ਛੱਕੇ ਹਨ। ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ। ਗੇਲ ਨੇ 462 ਮੈਚਾਂ ਵਿੱਚ 534 ਛੱਕੇ ਮਾਰੇ ਹਨ। ਉਨ੍ਹਾਂ ਤੋਂ ਬਾਅਦ ਸ਼ਾਹਿਦ ਅਫਰੀਦੀ (476), ਰੋਹਿਤ ਸ਼ਰਮਾ (423), ਮੈਕਲਮ (398) ਹਨ।