IPL 2024 ਦੇ 53ਵੇਂ ਮੁਕਾਬਲੇ ਵਿੱਚ ਚੇੱਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਤਿਹਾਸ ਰਚ ਦਿੱਤਾ। ਪੰਜਾਬ ਕਿੰਗਜ਼ ਦੇ ਖਿਲਾਫ਼ ਧਰਮਸ਼ਾਲਾ ਵਿੱਚ ਖੇਡੇ ਗਏ ਮੈਚ ਵਿੱਚ 1 ਕੈਚ ਲੈਂਦੇ ਹੀ ਐੱਮਐੱਸ ਧੋਨੀ ਦੇ IPL ਵਿੱਚ 150 ਕੈਚ ਪੂਰੇ ਹੋ ਗਏ। ਉਹ IPL ਵਿੱਚ 150 ਕੈਚ ਲੈਣ ਵਾਲੇ ਇਕਲੌਤੇ ਵਿਕਟਕੀਪਰ ਬਣ ਗਏ ਹਨ। ਧੋਨੀ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ 144 ਕੈਚ ਲਏ ਹਨ। 10ਵੇਂ ਓਵਰ ਦੀ ਚੌਥੀ ਗੇਂਦ ‘ਤੇ ਇਮਪੈਕਟ ਪਲੇਅਰ ਸਿਮਜੀਤ ਸਿੰਘ ਨੇ ਜਿਤੇਸ਼ ਸ਼ਰਮਾ ਦੀ ਵਿਕਟ ਲਈ। ਧੋਨੀ ਨੇ ਵਿਕਟ ਦੇ ਪਿੱਛੇ ਜਿਤੇਸ਼ ਦਾ ਕੈਚ ਲਿਆ। ਇਸ ਕੈਚ ਨੂੰ ਲੈਂਦਿਆਂ ਹੀ ਧੋਨੀ ਦੇ IPL ਵਿੱਚ ਬਤੌਰ ਵਿਕਟਕੀਪਰ 150 ਕੈਚ ਪੂਰੇ ਹੋਏ।
ਇਸ ਤੋਂ ਇਲਾਵਾ ਧੋਨੀ IPL ਵਿੱਚ ਸਭ ਤੋਂ ਵੱਧ ਸ਼ਿਕਾਰ ਕਰਨ ਵਾਲੇ ਵਿਕਟਕੀਪਰ ਵੀ ਹਨ। ਉਨ੍ਹਾਂ ਨੇ ਵਿਕਟ ਦੇ ਪਿੱਛਿਓਂ ਹੁਣ ਤੱਕ 188 ਸ਼ਿਕਾਰ ਕੀਤੇ ਹਨ। ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ ਦਿਨੇਸ਼ ਕਾਰਤਿਕ, ਤੀਜੇ ‘ਤੇ ਰਿਧਿਮਾਨ ਸਾਹਾ, ਚੌਥੇ ‘ਤੇ ਰਿਸ਼ਭ ਪੰਤ ਤੇ ਪੰਜਵੇਂ ਨੰਬਰ ‘ਤੇ ਰਾਬਿਨ ਉਥੱਪਾ ਹੈ। ਇੰਨਾ ਹੀ ਨਹੀਂ ਧੋਨੀ IPL ਵਿੱਚ ਸਭ ਤੋਂ ਜ਼ਿਆਦਾ ਮੁਕਾਬਲੇ ਖੇਡਣ ਵਾਲੇ ਖਿਡਾਰੀ ਵੀ ਹਨ । ਉਨ੍ਹਾਂ ਨੇ ਡੈਬਿਊ ਸੀਜ਼ਨ ਤੋਂ ਹੁਣ ਤੱਕ 261 ਮੈਚ ਖੇਡੇ ਹਨ। ਇਸ ਲਿਸਟ ਵਿੱਚ ਦੂਜੇ ਨੰਬਰ ‘ਤੇ ਰੋਹਿਤ ਸ਼ਰਮਾ (254), ਤੀਜੇ ‘ਤੇ ਦਿਨੇਸ਼ ਕਾਰਤਿਕ (253), ਚੌਥੇ ‘ਤੇ ਵਿਰਾਟ ਕੋਹਲੀ (248) ਤੇ ਪੰਜਵੇਂ ‘ਤੇ ਰਵਿੰਦਰ ਜਡੇਜਾ (237) ਹੈ।
ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ UK ਗਏ ਪੰਜਾਬੀ ਨੌਜਵਾਨ ਦੀ ਹੋਈ ਮੌ. ਤ, 8 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੇ 28 ਦੌੜਾਂ ਨਾਲ ਪੰਜਾਬ ਕਿੰਗਜ਼ ਨੂੰ ਹਰਾ ਦਿੱਤਾ। ਇਸ ਮੈਚ ਵਿੱਚ ਜਿੱਤ ਦਰਜ ਕਰਦਿਆਂ ਹੀ ਚੇੱਨਈ ਦੀ ਟੀਮ ਪੁਆਇੰਟ ਟੇਬਲ ਵਿੱਚ ਤੀਜੇ ਨੰਬਰ ‘ਤੇ ਪਹੁੰਚ ਗਈ ਹੈ। ਪੰਜਾਬ ਦੇ ਖਿਲਾਫ਼ ਚੇੱਨਈ ਦੇ ਲਈ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੱਲੇ ਤੇ ਗੇਂਦ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ। ਜਡੇਜਾ ਦੀ ਵਜ੍ਹਾ ਨਾਲ ਹੀ ਚੇੱਨਈ ਸੁਪਰ ਕਿੰਗਜ਼ ਦੀ ਟੀਮ ਮੈਚ ਜਿੱਤਣ ਵਿੱਚ ਸਫ਼ਲ ਰਹੀ।
ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ 2008 ਤੋਂ ਹੀ ਆਈਪੀਐੱਲ ਵਿੱਚ ਖੇਡ ਰਹੇ ਹਨ। ਉਨ੍ਹਾਂ ਨੇ ਆਪਣੇ ਦਮ ‘ਤੇ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਕਈ ਮੈਚ ਜਿਤਾਏ ਹਨ। ਉਨ੍ਹਾਂ ਦੀ ਗਿਣਤੀ ਦੁਨੀਆ ਦੇ ਮਹਾਨ ਫਿਨਿਸ਼ਰਾਂ ਵਿੱਚ ਹੁੰਦੀ ਹੈ। ਉਨ੍ਹਾਂ ਨੇ ਹੁਣ ਤੱਕ ਆਈਪੀਐੱਲ ਦੇ 261 ਮੈਚਾਂ ਵਿੱਚ 5192 ਦੌੜਾਂ ਬਣਾਈਆਂ ਹਨ, ਜਿਸ ਵਿੱਚ 24 ਅਰਧ ਸੈਂਕੜੇ ਸ਼ਾਮਿਲ ਹਨ। ਧੋਨੀ ਦੀ ਕਪਤਾਨੀ ਵਿੱਚ ਚੇੱਨਈ ਨੇ ਪੰਜ ਵਾਰ ਆਈਪੀਐੱਲ ਦੀ ਟਰਾਫੀ ਆਪਣੇ ਨਾਮ ਕੀਤੀ ਹੈ, ਪਰ ਇਸ ਸੀਜ਼ਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਚੇੱਨਈ ਦੀ ਕਪਤਾਨੀ ਛੱਡ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: