novak djokovic disqualified from us open: ਕੋਰੋਨਾ ਵਾਇਰਸ ਦੇ ਖਤਰੇ ਵਿਚਕਾਰ ਖੇਡੀ ਜਾ ਰਹੀ ਯੂਐਸ ਓਪਨ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਯੂਐਸ ਓਪਨ ਦਾ ਖਿਤਾਬ ਜਿੱਤਣ ਲਈ ਦਾਅਵੇਦਾਰ ਅਤੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਦਾ ਯੂਐਸ ਓਪਨ ਵਿੱਚ ਸਫ਼ਰ ਖ਼ਤਮ ਹੋ ਗਿਆ ਹੈ। ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਜੋਕੋਵਿਚ ਨੇ ਲਾਈਨ ਜੱਜ ਨੂੰ ਗੇਂਦ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਕਾਰਨ ਜੋਕੋਵਿਚ ਨੂੰ ਮੈਚ ਖੇਡਣ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਯੂਐਸ ਓਪਨ ਤੋਂ ਬਾਹਰ ਨਿਕਲਣ ਤੋਂ ਬਾਅਦ ਜੋਕੋਵਿਚ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਮੁਆਫੀ ਮੰਗੀ ਹੈ। ਜੋਕੋਵਿਚ ਪ੍ਰੀ-ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿੱਚ ਸਪੇਨ ਦੇ ਟੈਨਿਸ ਸਟਾਰ ਪਾਬਲੋ ਕੈਰੇਨੋ ਬੁਸਟਾ ਖ਼ਿਲਾਫ਼ 6-5 ਨਾਲ ਪਿੱਛੇ ਸੀ। ਜੋਕੋਵਿਚ ਇਸ ਤੋਂ ਨਿਰਾਸ਼ ਹੋ ਗਿਆ ਅਤੇ ਉਸਨੇ ਗੇਂਦ ਨੂੰ ਜੇਬ ਵਿਚੋਂ ਕੱਢ ਕੇ ਹਿੱਟ ਕਰ ਦਿੱਤਾ। ਜੋਕੋਵਿਚ ਵਲੋਂ ਹਿੱਟ ਕੀਤੀ ਗਈ ਗੇਂਦ ਸਿੱਧੀ ਲਾਈਨ ਜੱਜ ਨੂੰ ਜਾ ਲੱਗੀ। ਟੂਰਨਾਮੈਂਟ ਦੇ ਅਧਿਕਾਰੀ ਨੇ ਨਿਯਮਾਂ ਦੇ ਮੱਦੇਨਜ਼ਰ ਜੋਕੋਵਿਚ ਨੂੰ ਅਯੋਗ ਠਹਿਰਾਉਣ ਦਾ ਫੈਸਲਾ ਕੀਤਾ।
ਗ੍ਰੈਂਡ ਸਲੈਮ ਦੀ ਨਿਯਮ ਕਿਤਾਬ ਅਨੁਸਾਰ ਜੇਕਰ ਕੋਈ ਖਿਡਾਰੀ ਜਾਣ ਬੁੱਝ ਕੇ ਕਿਸੇ ਨੂੰ ਗੇਂਦ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਮੈਚ ਲਈ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਜੋਕੋਵਿਚ ਨੂੰ ਨਾ ਸਿਰਫ ਟੂਰਨਾਮੈਂਟ ਤੋਂ ਬਾਹਰ ਹੋਣਾ ਪਏਗਾ, ਬਲਕਿ ਟੂਰਨਾਮੈਂਟ ਵਿੱਚ ਕਮਾਈ ਗਈ ਇਨਾਮੀ ਰਾਸ਼ੀ ਨੂੰ ਵੀ ਜ਼ੁਰਮਾਨੇ ਵਜੋਂ ਅਦਾ ਕਰਨਾ ਪਏਗਾ। ਇਸਦੇ ਨਾਲ ਜੋਕੋਵਿਚ ਟੂਰਨਾਮੈਂਟ ਵਿੱਚ ਪ੍ਰਾਪਤ ਕੀਤੇ ਸਾਰੇ ਰੈਂਕਿੰਗ ਪੁਆਇੰਟਾਂ ਨੂੰ ਵੀ ਗੁਆ ਦੇਵੇਗਾ। ਜੋਕੋਵਿਚ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਨਹੀਂ ਹੋਏ। ਦੁਨੀਆ ਦੇ ਨੰਬਰ ਇੱਕ ਖਿਡਾਰੀ ਨੇ ਹਾਲਾਂਕਿ ਇੰਸਟਾਗ੍ਰਾਮ ‘ਤੇ ਇੱਕ ਬਿਆਨ ਜਾਰੀ ਕਰਕੇ ਸਾਰੇ ਵਿਵਾਦ ਲਈ ਮੁਆਫੀ ਮੰਗੀ ਹੈ। ਉਸ ਨੇ ਕਿਹਾ, “ਪੂਰੀ ਘਟਨਾ ਤੋਂ ਮੈਂ ਬਹੁਤ ਦੁਖੀ ਹਾਂ।” ਮੈਂ ਉਸ ਵਿਅਕਤੀ ਨਾਲ ਗੱਲ ਕੀਤੀ (ਜਿਸ ਨੂੰ ਗੇਂਦ ਲੱਗੀ ਸੀ)। ਸ਼ੁਕਰ ਹੈ ਕਿ ਉਹ ਬਿਲਕੁਲ ਠੀਕ ਹੈ। ਮੈਂ ਇਸ ਸਾਰੀ ਘਟਨਾ ਲਈ ਮੁਆਫੀ ਮੰਗਦਾ ਹਾਂ। ਇਸ ਮੁਸ਼ਕਿਲ ਸਮੇਂ ਵਿੱਚ ਵੀ ਮੇਰਾ ਸਮਰਥਨ ਕਰਨ ਲਈ ਮੈਂ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ।” ਦੱਸ ਦੇਈਏ ਕਿ ਇਹ ਪਹਿਲਾ ਗ੍ਰੈਂਡ ਸਲੈਮ ਟੂਰਨਾਮੈਂਟ ਕੋਰੋਨਾ ਵਾਇਰਸ ਦੇ ਖਤਰੇ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ। ਰਾਫਾਲ ਨਡਾਲ ਅਤੇ ਰੋਜਰ ਫੈਡਰਰ ਦੋਵੇਂ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੇ, ਇਸ ਲਈ ਜੋਕੋਵਿਚ ਦੀ ਇਸ ਖਿਤਾਬ ਨੂੰ ਆਪਣੇ ਨਾਮ ਕਰਨ ਦੀ ਸਭ ਤੋਂ ਵੱਧ ਸੰਭਾਵਨਾਂ ਸੀ।