Online Chess Olympiad: ਆਨਲਾਈਨ ਸ਼ਤਰੰਜ ਓਲੰਪਿਆਡ ਦੇ ਫਾਈਨਲ ਵਿੱਚ ਭਾਰਤ ਸਾਂਝੇ ਰੂਪ ਨਾਲ ਜੇਤੂ ਬਣਿਆ ਹੈ। ਰੂਸ ਨੂੰ ਵੀ ਭਾਰਤ ਦੇ ਨਾਲ-ਨਾਲ ਇਸ ਫਾਈਨਲ ਮੈਚ ਵਿੱਚ ਜੇਤੂ ਚੁਣਿਆ ਗਿਆ ਹੈ। ਦਰਅਸਲ, ਇੰਟਰਨੈਟ ਕਨੈਕਸ਼ਨ ਦੀ ਘਾਟ ਕਾਰਨ ਭਾਰਤ ਅਤੇ ਰੂਸ ਨੂੰ ਸਾਂਝੇ ਤੌਰ ‘ਤੇ ਜੇਤੂ ਚੁਣਿਆ ਗਿਆ ਹੈ। ਸ਼ਤਰੰਜ ਓਲੰਪਿਆਡ ਵਿੱਚ ਐਤਵਾਰ ਨੂੰ ਭਾਰਤ ਨੇ ਇਤਿਹਾਸ ਰਚ ਦਿੱਤਾ । ਆਨਲਾਈਨ ਸ਼ਤਰੰਜ ਓਲੰਪਿਆਡ ਵਿੱਚ ਭਾਰਤ ਪਹਿਲੀ ਵਾਰ ਜੇਤੂ ਬਣਿਆ ਹੈ। ਹਾਲਾਂਕਿ, ਭਾਰਤ ਨੂੰ ਰੂਸ ਨਾਲ ਸਾਂਝੇ ਰੂਪ ਨਾਲ ਜੇਤੂ ਚੁਣਿਆ ਗਿਆ ਹੈ।
ਇਹ ਪਹਿਲਾ ਮੌਕਾ ਹੈ ਜਦੋਂ FIDE, ਇੰਟਰਨੈਸ਼ਨਲ ਸ਼ਤਰੰਜ ਫੈਡਰੇਸ਼ਨ ਨੇ ਓਲੰਪਿਆਡ ਨੂੰ ਆਨਲਾਈਨ ਫਾਰਮੈਟ ਵਿੱਚ ਆਯੋਜਿਤ ਕੀਤਾ। ਇਸ ਦੌਰਾਨ ਭਾਰਤੀ ਟੀਮ ਵਿੱਚ ਕਪਤਾਨ ਵਿਦਿਤ ਗੁਜਰਾਤੀ, ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ, ਕੋਨੇਰੂ ਹੰਪੀ, ਡੀ ਹਰਿਕਾ, ਆਰ ਪ੍ਰਗਗਾਨੰਦ, ਪੀ ਹਰੀਕ੍ਰਿਸ਼ਨ, ਨਿਹਾਲ ਸਰੀਨ ਅਤੇ ਦਿਵਿਆ ਦੇਸ਼ਮੁਖ ਵੱਲੋਂ ਫਾਈਨਲ ਮੁਕਾਬਲੇ ਵਿੱਚ ਰੂਸ ਦੇ ਖਿਲਾਫ ਦੇਸ਼ ਦੀ ਨੁਮਾਇੰਦਗੀ ਕੀਤੀ ਗਈ।
ਭਾਰਤ ਦੀ ਇੱਸ ਸ਼ਾਨਦਾਰ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸ਼ਤਰੰਜ ਓਲੰਪਿਆਡ ਜਿੱਤਣ ‘ਤੇ ਸਾਡੇ ਸ਼ਤਰੰਜ ਖਿਡਾਰੀਆਂ ਨੂੰ ਵਧਾਈ। ਉਨ੍ਹਾਂ ਦੀ ਮਿਹਨਤ ਅਤੇ ਲਗਨ ਸ਼ਲਾਘਾਯੋਗ ਹੈ। ਉਨ੍ਹਾਂ ਦੀ ਸਫਲਤਾ ਨਿਸ਼ਚਿਤ ਰੂਪ ਨਾਲ ਹੋਰ ਸ਼ਤਰੰਜ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਮੈਂ ਰੂਸੀ ਟੀਮ ਨੂੰ ਵੀ ਵਧਾਈ ਦੇਣਾ ਚਾਹਾਂਗਾ।
ਉੱਥੇ ਹੀ ਦੂਜੇ ਪਾਸੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮੌਕੇ ‘ਤੇ ਭਾਰਤੀ ਟੀਮ ਨੂੰ ਵਧਾਈ ਦਿੰਦਿਆਂ ਇੱਕ ਟਵੀਟ ਕੀਤਾ ਹੈ। ਦੱਸ ਦੇਈਏ ਕਿ ਇੰਟਰਨੈੱਟ ਕਨੈਕਸ਼ਨ ਜਾਣ ਤੋਂ ਬਾਅਦ FIDE ਪ੍ਰਧਾਨ ਨੇ ਭਾਰਤ ਅਤੇ ਰੂਸ ਦੋਵਾਂ ਟੀਮਾਂ ਨੂੰ ਜੇਤੂ ਐਲਾਨਦਿਆਂ ਸੋਨ ਤਗਮਾ ਦੇਣ ਦਾ ਫੈਸਲਾ ਕੀਤਾ। ਸ਼ਤਰੰਜ ਓਲੰਪਿਆਡ ਇਤਿਹਾਸ ਵਿੱਚ ਭਾਰਤ ਪਹਿਲੀ ਵਾਰ ਚੈਂਪੀਅਨ ਬਣਿਆ ਹੈ। ਹਾਲਾਂਕਿ ਰੂਸ ਪਹਿਲਾਂ ਵੀ ਕਈ ਵਾਰ ਸ਼ਤਰੰਜ ਓਲੰਪਪਿਆਡ ਦਾ ਜੇਤੂ ਰਹਿ ਚੁੱਕਿਆ ਹੈ।