pala jalalpur happy birthday: ਅੱਜ ਕਬੱਡੀ ਦੇ ਵਿੱਚ ਕਲੋਜ਼ ਫਾਈਟਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਖਿਡਾਰੀ ਪਾਲੇ ਜਲਾਲਪੁਰ ਦਾ ਜਨਮ ਦਿਨ ਹੈ। ਪਾਲੇ ਜਲਾਲਪੁਰ ਦੀ ਖੇਡ ਬਾਰੇ ਕਬੱਡੀ ਜਗਤ ਨਾਲ ਜੁੜਿਆ ਹਰ ਬੱਚਾ ਅਤੇ ਬਜ਼ੁਰਗ ਚੰਗੀ ਤਰਾਂ ਜਾਣਦਾ ਹੈ। ਕਿਉਂਕ ਪਾਲਾ ਜਲਾਲਪੁਰ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦਾ ਹੈ। ਪਾਲੇ ਦਾ ਪੂਰਾ ਨਾਮ ਬਲਵੀਰ ਸਿੰਘ ਸਿੱਧੂ ਹੈ, ਪਾਲੇ ਦਾ ਜਨਮ 28 ਅਕਤੂਬਰ 1986 ਨੂੰ ਜਲੰਧਰ ਜਿਲ੍ਹੇ ਦੇ ਕਸਬੇ ਲੋਹੀਆਂ ਕੋਲ ਪੈਂਦੇ ਪਿੰਡ ਜਲਾਲਪੁਰ ਦੇ ਇੱਕ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ ਹੈ। ਪਾਲੇ ਦੇ ਪਿਤਾ ਦਾ ਨਾਮ ਸੋਹਣ ਸਿੰਘ ਸਿੱਧੂ ਅਤੇ ਮਾਤਾ ਦ ਨਾਮ ਸੁਰਜੀਤ ਕੌਰ ਹੈ। ਪਾਲੇ ਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਆਮ ਪਿੰਡਾਂ ਕਿਸਾਨ ਪਰਿਵਾਰਾਂ ਵਰਗੀ ਹੀ ਸੀ। ਬਲਵੀਰ ਸਿੰਘ ਨੇ ਪੰਜਵੀਂ ਤੱਕ ਦੀ ਸਿੱਖਿਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਨਾਹਲ ਤੋਂ ਪੂਰੀ ਕੀਤੀ ਸੀ। ਅੱਠਵੀ ਜਮਾਤ ਵਿੱਚ ਪੜ੍ਹਦਿਆਂ ਬਲਵੀਰ ਸਿੰਘ ਪਾਲੇ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਪਾਲੇ ਨੇ ਆਪਣੇ ਕਬੱਡੀ ਦੇ ਕਰੀਅਰ ਦੀ ਸ਼ੁਰੂਆਤ ਭਾਰ ਵਰਗ ਦੀ ਕਬੱਡੀ 35-40 ਤੋਂ ਕੀਤੀ ਸੀ। ਭਾਰ ਵਰਗ ਦੀ ਕਬੱਡੀ ਖੇਡਦਿਆਂ-ਖੇਡਦਿਆਂ ਪਾਲੇ ਨੇ ਓਪਨ ਕਬੱਡੀ ਦੇ ਮੈਚ ਖੇਡਣੇ ਸ਼ੁਰੂ ਕਰ ਦਿੱਤੇ। ਅਤੇ ਹੁਣ ਜੇਕਰ ਕਬੱਡੀ ਦਾ ਇਤਿਹਾਸ ਲਿਖਣਾ ਹੋਵੇ ਤਾ ਉਹ ਬਲਵੀਰ ਸਿੰਘ ਪਾਲੇ ਜਲਾਲਪੁਰ ਦਾ ਜਿਕਰ ਕੀਤੇ ਬਿਨਾਂ ਪੂਰਾ ਨਹੀਂ ਹੋਵੇਗਾ।
ਪਾਲਾ ਜਲਾਲਪੁਰ ਇੱਕ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਹੈ। 2008 ਵਿੱਚ ਪਾਲਾ ਜਲਾਲਪੁਰ ਪਹਿਲੀ ਵਾਰ ਵਿਦੇਸ਼ ਦੇ ਵਿੱਚ ਖੇਡਿਆ ਸੀ। ਪਾਲਾ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿੱਚ ਖੇਡਣ ਲਈ ਗਿਆ ਸੀ ਜਿੱਥੇ ਉਸ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਸੀ। ਨਿਊਜ਼ੀਲੈਂਡ ਤੋਂ ਬਾਅਦ ਪਾਲੇ ਦੀ ਚੋਣ ਕੈਨੇਡਾ ਦੇ ਲਈ ਹੋਈ ਸੀ। ਪਰ ਉਸ ਤੋਂ ਬਾਅਦ ਪਾਲੇ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਫਿਰ ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਯੂਰਪ ਦੇ ਮੈਦਾਨਾਂ ਵਿੱਚ ਵੀ ਪਾਲੇ ਦੀ ਖੇਡ ਨੇ ਲੱਖਾਂ ਲੋਕ ਦੇ ਦਿਲ ਜਿੱਤੇ ਸੀ। ਜੇਕਰ ਪਾਲੇ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕੀਤੀ ਜਾਵੇ ਤਾ ਉਨ੍ਹਾਂ ਵਿੱਚ ਮੋਟਰਸਾਈਕਲ, ਗੱਡੀਆਂ, ਟਰੈਕਟਰ, ਕੰਬਾਇਨ, ਮੱਝਾਂ, ਸੋਨੇ ਦੀਆਂ ਮੁੰਦੀਆਂ ਅਤੇ ਨਕਦ ਰਾਸ਼ੀ ਵਰਗੇ ਵੱਡੇ ਇਨਾਮ ਹਨ। ਪਾਲੇ ਜਲਾਲਪੁਰ ਨੂੰ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਕਬੱਡੀ ਵਰਲਡ ਕੱਪ ਵਿੱਚ ਵੀ ਖੇਡਣ ਦਾ ਮਾਣ ਹਾਸਿਲ ਹੈ।