Punjab Cricket Association Requests Yuvraj Singh: ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਭਾਰਤ ਦੇ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਪੀਸੀਏ ਨੇ 38 ਸਾਲਾ ਯੁਵਰਾਜ ਨੂੰ ਰਿਟਾਇਰ ਹੋਣ ਦਾ ਆਪਣਾ ਫੈਸਲਾ ਵਾਪਿਸ ਲੈਣ ਅਤੇ ਸਟੇਟ ਟੀਮ ਦਾ ਖਿਡਾਰੀ ਅਤੇ ਸਲਾਹਕਾਰ ਬਣਨ ਦੀ ਬੇਨਤੀ ਕੀਤੀ ਹੈ। ਹਾਲਾਂਕਿ ਯੁਵਰਾਜ ਨੇ ਹਾਲੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪੀਸੀਏ ਦੇ ਸਕੱਤਰ ਪੁਨੀਤ ਬਾਲੀ ਨੇ ਕਿਹਾ ਕਿ ਉਨ੍ਹਾਂ ਨੇ ਯੁਵਰਾਜ ਨੂੰ ਬੇਨਤੀ ਕੀਤੀ ਹੈ, ਜੋ ਪਹਿਲਾਂ ਹੀ ਸ਼ੁਭਮਨ ਗਿੱਲ ਸਮੇਤ ਕੁੱਝ ਨੌਜਵਾਨ ਖਿਡਾਰੀਆਂ ਨੂੰ ਸੇਧ ਦੇ ਰਹੇ ਹਨ। ਖੱਬੇ ਹੱਥ ਦੇ ਇਸ ਧਾਕੜ ਬੱਲੇਬਾਜ਼ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੌਰਾਨ 40 ਟੈਸਟ, 304 ਵਨਡੇ ਅਤੇ 58 ਟੀ -20 ਮੈਚ ਖੇਡੇ ਹਨ।
ਬਾਲੀ ਨੇ ਕਿਹਾ, “ਅਸੀਂ ਯੁਵਰਾਜ ਨੂੰ ਪੰਜ-ਛੇ ਦਿਨ ਪਹਿਲਾਂ ਬੇਨਤੀ ਕੀਤੀ ਸੀ ਅਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਹੈ। ਜੇ ਉਹ ਸਹਿਮਤ ਹੁੰਦੇ ਹਨ ਤਾਂ ਇਹ ਪੰਜਾਬ ਕ੍ਰਿਕਟ ਲਈ ਬਹੁਤ ਚੰਗਾ ਹੋਵੇਗਾ।” ਯੁਵਰਾਜ ਨੇ ਪਿੱਛਲੇ ਸਾਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਯੁਵਰਾਜ ਨੂੰ ਸਾਲ 2019 ਦੇ ਵਿਸ਼ਵ ਕੱਪ ਟੀਮ ‘ਚ ਨਹੀਂ ਚੁਣਿਆ ਗਿਆ ਸੀ। ਉਸ ਤੋਂ ਬਾਅਦ ਯੁਵਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਉਦੋਂ ਤੋਂ ਹੀ ਯੁਵੀ ਨੇ ਵਿਦੇਸ਼ਾਂ ਵਿੱਚ ਲੀਗ ਖੇਡਣੀ ਸ਼ੁਰੂ ਕਰ ਦਿੱਤੀ ਹੈ।