Punjab kings mohammed shami : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਹੁਣ ਕੁੱਝ ਹੀ ਦਿਨ ਬਾਕੀ ਹਨ। ਆਈਪੀਐਲ 2021 ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਆਈਪੀਐਲ ਦੇ 14 ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਟੀਮ ਦਾ ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪੂਰੀ ਤਰ੍ਹਾਂ ਫਿੱਟ ਹੋ ਗਿਆ ਹੈ ਅਤੇ ਪਹਿਲਾ ਮੈਚ ਖੇਡਣ ਲਈ ਤਿਆਰ ਹੈ। ਆਸਟ੍ਰੇਲੀਆ ਵਿੱਚ ਬੱਲੇਬਾਜ਼ੀ ਕਰਦਿਆਂ ਜ਼ਖਮੀ ਹੋਏ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਿਹਾ ਕਿ ਉਹ ਹੁਣ ਪੂਰੀ ਤਰਾਂ ਫਿੱਟ ਹੈ ਅਤੇ 9 ਅਪ੍ਰੈਲ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਇੱਕ ਵਾਰ ਫਿਰ ਯੋਗਦਾਨ ਪਾਉਣ ਲਈ ਤਿਆਰ ਹੈ।
ਐਡੀਲੇਡ ਵਿੱਚ ਹੋਏ ਪਹਿਲੇ ਟੈਸਟ ਮੈਚ ਵਿੱਚ ਸ਼ਮੀ ਦਾ ਗੁੱਟ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ਾਰਟ ਪਿੱਚ ਗੇਂਦ ‘ਤੇ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਲਈ ਰਾਸ਼ਟਰੀ ਕ੍ਰਿਕਟ ਅਕਾਦਮੀ ਨਾਲ ਜੁੜੇ ਰਹੇ ਅਤੇ ਹੁਣ ਪੂਰੀ ਤਰ੍ਹਾਂ ਫਿੱਟ ਹਨ। ਸ਼ਮੀ ਨੇ ਕਿਹਾ ਇਸ ਵਾਰ ਵੀ ਮੈਂ ਆਈਪੀਐਲ ਵਿੱਚ ਵਧੀਆ ਪ੍ਰਦਰਸ਼ਨ ਕਰਾਂਗਾ। ਸੱਟ ਲੱਗਣ ਕਾਰਨ ਆਈਪੀਐਲ ਵਰਗੇ ਵੱਡੇ ਟੂਰਨਾਮੈਂਟ ਦੀ ਤਿਆਰੀ ਲਈ ਮੈਨੂੰ ਵਧੇਰੇ ਸਮਾਂ ਮਿਲਿਆ ਹੈ। ਸ਼ਮੀ ਨੇ ਬੀਤੇ ਸਾਲ ਆਈਪੀਐਲ ਵਿੱਚ 20 ਵਿਕਟਾਂ ਲਈਆਂ ਸਨ, ਪਰ ਉਸ ਨੂੰ ਦੂਜੇ ਕਿਸੇ ਗੇਂਦਬਾਜ਼ ਤੋਂ ਪੂਰਾ ਸਮਰਥਨ ਨਹੀਂ ਮਿਲਿਆ ਸੀ। ਦੂਜੇ ਗੇਂਦਬਾਜ਼ਾਂ ਨੇ ਡੈਥ ਓਵਰਾਂ ਵਿੱਚ ਕਾਫ਼ੀ ਦੌੜਾਂ ਖਰਚ ਕੀਤੀਆਂ ਸੀ। ਪੰਜਾਬ ਨੇ ਹੁਣ ਜੇਅ ਰਿਚਰਡਸਨ, ਰੀਲੇ ਮੇਰੇਡਿਥ ਅਤੇ ਹੈਨਰੀਕਜ਼ ਵਰਗੇ ਗੇਂਦਬਾਜ਼ਾਂ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ।