RCB Australia Players: ਪੂਰਾ ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਹਰ ਦਿਨ 3 ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਕਾਰਨ ਆਪਣੀ ਜਾਨ ਗਵਾ ਰਹੇ ਹਨ। ਅਜਿਹੇ ਮਾਹੌਲ ਵਿੱਚ ਦੇਸ਼ ਵਿਚ ਇੰਡੀਅਨ ਪ੍ਰੀਮੀਅਰ ਲੀਗ (IPL) ਆਯੋਜਿਤ ਹੋ ਰਿਹਾ ਹੈ। ਹਾਲਾਂਕਿ, ਹੁਣ ਕੁਝ ਵੱਡੇ ਖਿਡਾਰੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਰਹੇ ਹਨ।
ਐਤਵਾਰ ਨੂੰ ਦਿੱਲੀ ਕੈਪੀਟਲਜ਼ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਨੇ ਟੂਰਨਾਮੈਂਟ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ । ਇਸ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੌਰ ਦੇ ਐਡਮ ਜੈਂਪਾ ਅਤੇ ਕੇਨ ਰਿਚਰਡਸਨ ਨੇ ਵੀ ਟੂਰਨਾਮੈਂਟ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ। ਕ੍ਰਿਕਟ ਆਸਟ੍ਰੇਲੀਆ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਹੈ । CA ਨੇ ਕਿਹਾ ਕਿ ਕੋਰੋਨਾ ਕਾਰਨ ਭਾਰਤ ਵਿੱਚ ਵਿਗੜ ਰਹੀ ਸਥਿਤੀ ਕਾਰਨ ਖਿਡਾਰੀਆਂ ਨੇ ਇਹ ਫੈਸਲਾ ਲਿਆ ਹੈ । ਇਸ ਤੋਂ ਪਹਿਲਾਂ ਰਾਜਸਥਾਨ ਦੇ ਲੀਅਮ ਲਿਵਿੰਗਸਟੋਨ ਵੀ ਬਾਇਓ ਬਬਲ ਦੀ ਥਕਾਵਟ ਕਾਰਨ ਇੰਗਲੈਂਡ ਵਾਪਸ ਜਾ ਚੁੱਕੇ ਹਨ।
ਉਨ੍ਹਾਂ ਦੋਵੇਂ ਖਿਡਾਰੀਆਂ ਨੇ ਵਿਚਾਲੇ ਟੂਰਨਾਮੈਂਟ ਤੋਂ ਨਾਮ ਵਾਪਸ ਲੈਣ ‘ਤੇ ਫ੍ਰੈਂਚਾਇਜ਼ੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਵੀ ਟਵੀਟ ਕੀਤਾ। RCB ਨੇ ਟਵੀਟ ਕੀਤਾ, “ਐਡਮ ਜੈਂਪਾ ਅਤੇ ਕੇਨ ਰਿਚਰਡਸਨ ਨਿੱਜੀ ਕਾਰਨਾਂ ਕਰਕੇ ਆਸਟ੍ਰੇਲੀਆ ਪਰਤ ਰਹੇ ਹਨ ਅਤੇ ਅੱਗੇ ਦੇ ਟੂਰਨਾਮੈਂਟ ਲਈ ਉਪਲਬਧ ਨਹੀਂ ਹੋਣਗੇ।” ਰਾਇਲ ਚੈਲੇਂਜਰਜ਼ ਬੈਂਗਲੁਰੂ ਉਨ੍ਹਾਂ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਵੀ ਦਿੰਦਾ ਹੈ। ”
ਦੱਸ ਦੇਈਏ ਕਿ ਹੈਦਰਾਬਾਦ ਖ਼ਿਲਾਫ਼ ਸੁਪਰ ਓਵਰ ਵਿੱਚ ਦਿੱਲੀ ਦੀ ਜਿੱਤ ਤੋਂ ਬਾਅਦ ਅਸ਼ਵਿਨ ਨੇ ਸੋਸ਼ਲ ਮੀਡੀਆ ‘ਤੇ ਮੈਸੇਜ ਰਾਹੀਂ ਲੀਗ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ । ਅਸ਼ਵਿਨ ਨੇ ਲਿਖਿਆ ਕਿ ਮੇਰੇ ਪਰਿਵਾਰਕ ਮੈਂਬਰ ਅਤੇ ਹੋਰ ਪਰਿਵਾਰ ਇਨ੍ਹੀਂ ਦਿਨੀਂ ਕੋਰੋਨਾ ਦਾ ਮੁਕਾਬਲਾ ਕਰ ਰਹੇ ਹਨ। ਮੈਂ ਇਸ ਮੁਸ਼ਕਿਲ ਸਥਿਤੀ ਵਿੱਚ ਉਨ੍ਹਾਂ ਦੇ ਨਾਲ ਰਹਿਣਾ ਚਾਹੁੰਦਾ ਹਾਂ। ਜੇ ਸਥਿਤੀ ਵਿੱਚ ਸੁਧਾਰ ਹੁੰਦਾ ਹੈ ਤਾਂ ਮੈਂ ਦੁਬਾਰਾ ਖੇਡ ਵਿੱਚ ਵਾਪਸ ਆਵਾਂਗਾ। ਧੰਨਵਾਦ।