relief for umar akmal: ਪਾਕਿਸਤਾਨ ਦੇ ਮਿਡਲ ਆਰਡਰ ਬੱਲੇਬਾਜ਼ ਉਮਰ ਅਕਮਲ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਉਮਰ ਅਕਮਲ ‘ਤੇ ਭ੍ਰਿਸ਼ਟਾਚਾਰ ਦੇ ਇੱਕ ਕੇਸ ਕਾਰਨ ਮਈ ਵਿੱਚ ਤਿੰਨ ਸਾਲ ਲਈ ਪਾਬੰਦੀ ਲਗਾਈ ਗਈ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਪਾਬੰਦੀ ਨੂੰ ਡੇਢ ਸਾਲ ਘਟਾ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕ੍ਰਿਕਟ ਪਾਕਿਸਤਾਨ ਦੀ ਰਿਪੋਰਟ ਦੇ ਅਨੁਸਾਰ ਸੁਪਰੀਮ ਕੋਰਟ ਦੇ ਜੱਜ (ਸੇਵਾਮੁਕਤ) ਫਕੀਰ ਮੁਹੰਮਦ ਖੋਖਰ ਨੇ ਸੁਤੰਤਰ ਨਿਰਣਾਇਕ ਵਜੋਂ ਉਮਰ ਅਕਮਲ ਦੀ ਅਪੀਲ ‘ਤੇ ਸੁਣਵਾਈ ਕੀਤੀ। ਬੋਰਡ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਦਿੱਤਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਉਮਰ ਨੂੰ ਮੈਚ ਫਿਕਸਿੰਗ ਦੇ ਪ੍ਰਸਤਾਵ ਮਿਲਣ ਦੀ ਜਾਣਕਾਰੀ ਬੋਰਡ ਨੂੰ ਨਾ ਦੇਣ ਕਾਰਨ ਕ੍ਰਿਕਟ ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ‘ਤੇ ਤਿੰਨ ਸਾਲ ਲਈ ਪਾਬੰਦੀ ਲਗਾਈ ਸੀ। ਹਾਲਾਂਕਿ, ਭ੍ਰਿਸ਼ਟਾਚਾਰ ਦੇ ਇਸ ਕੇਸ ਕਾਰਨ, ਉਮਰ ਅਕਮਲ ਇਸ ਸਾਲ ਪਾਕਿਸਤਾਨ ਸੁਪਰ ਲੀਗ ਦਾ ਹਿੱਸਾ ਨਹੀਂ ਬਣ ਸਕਿਆ ਸੀ। ਹੁਣ ਜਦੋਂ ਉਸਦੀ ਪਾਬੰਦੀ ਸਿਰਫ 18 ਮਹੀਨੇ ਦੀ ਹੈ, ਉਹ 19 ਅਗਸਤ 2021 ਤੋਂ ਦੁਬਾਰਾ ਕ੍ਰਿਕਟ ਖੇਡਣ ਦੇ ਯੋਗ ਹੋ ਜਾਵੇਗਾ। ਉਮਰ ਨੇ ਪਾਕਿਸਤਾਨ ਲਈ 16 ਟੈਸਟ, 121 ਵਨਡੇ ਅਤੇ 84 ਟੀ 20 ਮੈਚ ਖੇਡੇ ਹਨ। ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਭਾਰਤ ਖਿਲਾਫ ਮੈਚ ਛੱਡਣ ਦੀ ਤਜਵੀਜ਼ ਤੋਂ ਇਲਾਵਾ ਉਸਨੂੰ ਇੱਕ ਸੱਟੇਬਾਜ਼ ਦੁਆਰਾ ਮੈਚ ਵਿੱਚ ਦੋ ਗੇਂਦਾਂ ਛੱਡਣ ਦੀ ਵੀ ਪੇਸ਼ਕਸ਼ ਹੋਈ ਸੀ।