Road safety world series 2021 final : ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ਵਿੱਚ ਪਹੁੰਚੀਆਂ ਦੋ ਟੀਮਾਂ ਦਾ ਐਲਾਨ ਹੋ ਗਿਆ ਹੈ। 21 ਮਾਰਚ ਨੂੰ ਹੋਣ ਵਾਲੇ ਖ਼ਿਤਾਬੀ ਮੈਚ ਵਿੱਚ ਇੰਡੀਆ ਲੈਜੈਂਡਜ਼ ਅਤੇ ਸ੍ਰੀਲੰਕਾ ਲੈਜੇਂਡਜ਼ ਦਾ ਮੁਕਾਬਲਾ ਹੋਵੇਗਾ। ਸ਼੍ਰੀਲੰਕਾ 19 ਮਾਰਚ ਦੇਰ ਰਾਤ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਦੇ ਲੈਜੇਂਡਜ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸੇ ਤਰ੍ਹਾਂ ਸਚਿਨ ਤੇਂਦੁਲਕਰ ਦੀ ਅਗਵਾਈ ਵਿੱਚ ਇੰਡੀਆ ਲੈਜੈਂਡਜ਼ ਨੇ ਵੈਸਟਇੰਡੀਜ਼ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਕੁੱਝ ਲੋਕਾਂ ਇਸਨੂੰ 2011 ਵਿਸ਼ਵ ਕੱਪ ਦਾ ਫਾਈਨਲ ਵੀ ਕਹਿ ਰਹੇ ਨੇ, ਜਿੱਥੇ ਭਾਰਤ ਚੈਂਪੀਅਨ ਬਣਿਆ ਸੀ।
ਨੂਆਨ ਕੁਲਸੇਕਾਰਾ ਨੇ ਨਵਾਂ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਲਈਆਂ ਅਤੇ ਦੱਖਣੀ ਅਫਰੀਕਾ ਨੂੰ 125 ਦੌੜਾਂ ‘ਤੇ ਢੇਰ ਕਰ ਦਿੱਤਾ। ਫਿਰ ਸ਼੍ਰੀਲੰਕਾ ਨੇ ਇਹ ਟੀਚਾ ਵੀ 17.2 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਦੋ ਵਿਕਟਾਂ ਕਪਤਾਨ ਤਿਲਕਰਤਨੇ ਦਿਲਸ਼ਾਨ (18) ਅਤੇ ਸਨਤ ਜੈਸੂਰੀਆ (18) ਦੇ ਰੂਪ ਵਿੱਚ ਡਿੱਗੀਆਂ। ਉਪੂਲ ਥਰੰਗਾ (39) ਅਤੇ ਚਿੰਤਾਕਾ ਜੈਸਿੰਘੇ (47) ਅਜੇਤੂ ਰਹੇ।