Ronaldo completes 100 in international football: ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ਵਿੱਚ 100 ਗੋਲ ਕਰਨ ਵਾਲਾ ਵਿਸ਼ਵ ਦਾ ਦੂਜਾ ਫੁੱਟਬਾਲਰ ਬਣ ਗਿਆ ਹੈ। ਰੋਨਾਲਡੋ ਨੇ ਇਹ ਪ੍ਰਾਪਤੀ ਮੰਗਲਵਾਰ ਨੂੰ ਪੁਰਤਗਾਲ ਦੀ ਨੇਸ਼ਨਜ਼ ਲੀਗ ਵਿੱਚ ਸਵੀਡਨ ‘ਤੇ 2-1 ਨਾਲ ਜਿੱਤ ਤੋਂ ਬਾਅਦ ਹਾਸਿਲ ਕੀਤੀ ਹੈ। 35 ਸਾਲਾ ਰੋਨਾਲਡੋ ਨੇ 25 ਮੀਟਰ ਦੀ ਦੂਰੀ ਤੋਂ ਫ੍ਰੀ ਕਿੱਕ ‘ਤੇ ਟੀਮ ਲਈ ਪਹਿਲਾ ਗੋਲ ਕਰਦਿਆਂ ਅੰਤਰਰਾਸ਼ਟਰੀ ਫੁੱਟਬਾਲ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਆਪਣਾ 165 ਵਾਂ ਮੈਚ ਖੇਡ ਰਹੇ ਰੋਨਾਲਡੋ ਤੋਂ ਪਹਿਲਾਂ ਸਿਰਫ ਈਰਾਨ ਦੇ ਸਟ੍ਰਾਈਕਰ ਅਲੀ ਦੇਈ ਨੇ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸੈਂਕੜਾ ਪੂਰਾ ਕੀਤਾ ਸੀ।
ਰੋਨਾਲਡੋ ਨੇ ਇਸ ਤੋਂ ਬਾਅਦ ਟੀਮ ਲਈ ਦੂਜਾ ਗੋਲ ਵੀ ਕੀਤਾ। ਉਹ ਹੁਣ ਦੇਈ ਦੇ 109 ਗੋਲਾ ਦੇ ਰਿਕਾਰਡ ਤੋਂ ਸਿਰਫ 9 ਗੋਲ ਪਿੱਛੇ ਹੈ। ਦੇਈ 1993 ਤੋਂ 2006 ਤੱਕ ਈਰਾਨ ਲਈ ਖੇਡੇ ਸੀ। ਰੋਨਾਲਡੋ ਨੇ ਇਸ ਪ੍ਰਾਪਤੀ ਤੋਂ ਬਾਅਦ ਕਿਹਾ, “ਮੈਂ 100 ਗੋਲ ਦੀ ਪ੍ਰਾਪਤੀ ਨੂੰ ਛੂਹਣ ‘ਚ ਸਫਲ ਹੋ ਗਿਆ ਅਤੇ ਹੁਣ ਮੈਂ ਰਿਕਾਰਡ (109) ਲਈ ਤਿਆਰ ਹਾਂ। ਇਹ ਕਦਮ ਦਰ ਕਦਮ ਹੈ। ਮੈਂ ਜਨੂੰਨੀ ਨਹੀਂ ਹਾਂ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਰਿਕਾਰਡ ਕੁਦਰਤੀ ਤੌਰ ਤੇ ਆਉਂਦੇ ਹਨ।” ਰੋਨਾਲਡੋ, ਜਿਸ ਨੂੰ 5 ਵਾਰ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ, ਨੇ ਚੈਂਪੀਅਨਜ਼ ਲੀਗ ਵਿੱਚ ਵੀ ਸਭ ਤੋਂ ਵੱਧ 131 ਗੋਲ ਕੀਤੇ ਹਨ, ਜੋ ਉਸ ਦੇ ਨਜ਼ਦੀਕੀ ਵਿਰੋਧੀ ਲਿਓਨਲ ਮੇਸੀ ਨਾਲੋਂ 16 ਗੋਲ ਵੱਧ ਹੈ। ਉਹ ਲਗਾਤਾਰ 17 ਵੇਂ ਸਾਲ ਕੌਮਾਂਤਰੀ ਕੈਲੰਡਰ ਵਿੱਚ ਗੋਲ ਕਰਨ ਵਿੱਚ ਸਫਲ ਰਿਹਾ ਹੈ।