sourav ganguly says dhoni: ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਜੋ ਹਾਲ ਹੀ ਵਿੱਚ ਸੰਨਿਆਸ ਲੈ ਚੁੱਕੇ ਹਨ, ਉਨ੍ਹਾਂ ਵਿੱਚ ਵੱਡੇ ਸ਼ਾਟ ਖੇਡਣ ਦੀ ਕਾਬਲੀਅਤ ਸੀ ਅਤੇ ਇਸ ਲਈ ਧੋਨੀ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਉਪਰ ਲਿਆਉਣ ਅਤੇ ਉਸ ਨੂੰ ਖੁੱਲ੍ਹ ਕੇ ਖੇਡਣ ਦੀ ਇਜਾਜ਼ਤ ਦੇਣਾ ਜ਼ਰੂਰੀ ਸੀ। ਆਈਸੀਸੀ ਦੀਆ ਸਾਰੀਆਂ ਟਰਾਫੀਆਂ ਜਿੱਤਣ ਵਾਲੇ ਕਪਤਾਨ ਧੋਨੀ ਨੇ 15 ਅਗਸਤ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਗਾਂਗੁਲੀ ਨੇ ਆਪਣੀ ਕਪਤਾਨੀ ‘ਚ ਧੋਨੀ ਨੂੰ 2005 ਵਿੱਚ ਵਿਸ਼ਾਖਾਪਟਨਮ ‘ਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਵਨਡੇ ਮੈਚ ਵਿੱਚ ਨੰਬਰ -3 ‘ਤੇ ਭੇਜਿਆ ਸੀ। ਧੋਨੀ ਨੇ ਕਪਤਾਨ ਦੇ ਭਰੋਸੇ ਨੂੰ ਸਹੀ ਸਾਬਿਤ ਕਰਦਿਆਂ 148 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ਸੀ। ਗਾਂਗੁਲੀ ਨੇ ਆਪਣੇ ਇੱਕ ਬਿਆਨ ‘ਚ ਕਿਹਾ, “ਧੋਨੀ ਨੂੰ ਵਿਸ਼ਾਖਾਪਟਨਮ ਵਿੱਚ ਨੰਬਰ 3 ਉੱਤੇ ਖੇਡਣ ਦਾ ਮੌਕਾ ਮਿਲਿਆ ਅਤੇ ਉਸਨੇ ਸ਼ਾਨਦਾਰ ਸੈਂਕੜਾ ਜੜਿਆ। ਜਦੋਂ ਵੀ ਉਸਨੂੰ ਵਧੇਰੇ ਓਵਰ ਖੇਡਣ ਦਾ ਮੌਕਾ ਮਿਲਿਆ ਹੈ, ਉਸਨੇ ਵੱਡਾ ਸਕੋਰ ਬਣਾਇਆ ਹੈ।
ਜੇਕਰ ਸਚਿਨ ਤੇਂਦੁਲਕਰ ਨੰਬਰ -6 ‘ਤੇ ਖੇਡਦਾ ਰਿਹਾ ਹੁੰਦਾ ਤਾਂ ਉਹ ਅੱਜ ਸਚਿਨ ਤੇਂਦੁਲਕਰ ਨਹੀਂ ਬਣ ਸਕਦਾ ਸੀ, ਕਿਉਂਕਿ ਹੇਠਾਂ ਤੋਹਾਨੂੰ ਖੇਡਣ ਲਈ ਘੱਟ ਗੇਂਦਾਂ ਮਿਲਦੀਆਂ ਹਨ। ਗਾਂਗੁਲੀ ਨੇ ਕਿਹਾ, “ਇਹ ਚੈਲੇਂਜਰ ਟਰਾਫੀ ਸੀ, ਉਨ੍ਹਾਂ ਨੇ ਮੇਰੀ ਟੀਮ ਤੋਂ ਬੱਲੇਬਾਜ਼ੀ ਕਰਦਿਆਂ ਸੈਂਕੜਾ ਬਣਾਇਆ। ਮੈਂ ਜਾਣਦਾ ਸੀ ਇੱਕ ਖਿਡਾਰੀ ਉਦੋਂ ਬਣਦਾ ਹੈ ਜਦੋਂ ਉਸ ਨੂੰ ਉੱਪਰ ਭੇਜਿਆ ਜਾਂਦਾ ਹੈ, ਤੁਸੀਂ ਕਿਸੇ ਨੂੰ ਹੇਠਲੇ ਕ੍ਰਮ ਵਿੱਚ ਰੱਖ ਕੇ ਖਿਡਾਰੀ ਨਹੀਂ ਬਣਾ ਸਕਦੇ।” ਗਾਂਗੁਲੀ ਨੇ ਕਿਹਾ, ‘ਮੈਂ ਹਮੇਸ਼ਾਂ ਮੰਨਦਾ ਹਾਂ ਕਿ ਤੁਸੀਂ ਡਰੈਸਿੰਗ ਰੂਮ ਵਿੱਚ ਬੈਠ ਕੇ ਕੋਈ ਵੱਡਾ ਖਿਡਾਰੀ ਨਹੀਂ ਬਣ ਸਕਦੇ। ਉਨ੍ਹਾਂ ਦੀ ਜਿਸ ਕਿਸਮ ਦੀ ਯੋਗਤਾ ਸੀ, ਖ਼ਾਸਕਰ ਛੱਕੇ ਮਾਰਨਾ, ਘੱਟ ਹੁੰਦੀ ਹੈ।’ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਨੇ ਕਿਹਾ, “ਜਦੋਂ ਮੈਂ ਸੰਨਿਆਸ ਲਿਆ, ਤਾਂ ਮੈਂ ਆਪਣੇ ਵਿਚਾਰਾਂ ਨੂੰ ਕਈ ਵਾਰ ਰੱਖਿਆ ਕਿ ਧੋਨੀ ਨੂੰ ਉਪਰਲੇ ਕ੍ਰਮ ਵਿੱਚ ਖੇਡਣਾ ਚਾਹੀਦਾ ਹੈ।”