sri lanka cricket says: ਸ੍ਰੀਲੰਕਾ ਕ੍ਰਿਕਟ (ਐਸ.ਐਲ.ਸੀ) ਨੇ ਕਿਹਾ ਹੈ ਕਿ ਫਿਲਹਾਲ ਇਸ ਦਾ ਕੋਈ ਵੀ ਮੌਜੂਦਾ ਰਾਸ਼ਟਰੀ ਖਿਡਾਰੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੀ ਪੜਤਾਲ ਅਧੀਨ ਨਹੀਂ ਹੈ। ਐਸਐਲਸੀ ਨੇ ਇਹ ਸਫਾਈ ਖੇਡ ਮੰਤਰੀ ਦੂਲਸ ਅਲਾਹਪੇਰੂਮਾ ਦੇ ਬਿਆਨ ਤੋਂ ਬਾਅਦ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਲਾਹਪੇਰੂਮਾ ਨੇ ਕਿਹਾ ਸੀ ਕਿ ਆਈਸੀਸੀ ਉਸ ਦੇ ਦੇਸ਼ ਵਿੱਚ ਘੱਟੋ ਘੱਟ ਤਿੰਨ ਕ੍ਰਿਕਟਰਾਂ ਦੇ ਮੈਚ ਫਿਕਸਿੰਗ ਦੀ ਜਾਂਚ ਕਰ ਰਹੀ ਹੈ। ਖੇਡ ਮੰਤਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਸਾਬਕਾ ਸੀ ਜਾਂ ਮੌਜੂਦਾ ਖਿਡਾਰੀ। ਐਸਐਲਸੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਸ੍ਰੀਲੰਕਾ ਕ੍ਰਿਕਟ ਇਹ ਦੱਸਣਾ ਚਾਹੁੰਦੀ ਹੈ ਕਿ ਕੋਈ ਵੀ ਮੌਜੂਦਾ ਰਾਸ਼ਟਰੀ ਖਿਡਾਰੀ ਆਈਸੀਸੀ ਦੇ ਭ੍ਰਿਸ਼ਟਾਚਾਰ ਰੋਕੂ ਯੂਨਿਟ ਦੀ ਪੜਤਾਲ ਅਧੀਨ ਨਹੀਂ ਹੈ ਅਤੇ ਨਾ ਹੀ ਆਈਸੀਸੀ ਨੇ ਐਸਐਲਸੀ ਨੂੰ ਅਜਿਹੀ ਕਿਸੇ ਜਾਂਚ ਬਾਰੇ ਜਾਣਕਾਰੀ ਦਿੱਤੀ ਹੈ।”
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਐਸਐਲਸੀ ਪੱਕਾ ਵਿਸ਼ਵਾਸ ਰੱਖਦੀ ਹੈ ਕਿ ਮਾਨਯੋਗ ਮੰਤਰੀ ਨੇ ਜਿਸ ਗੱਲ ਦਾ ਜ਼ਿਕਰ ਕੀਤਾ ਉਹ ਸ਼੍ਰੀਲੰਕਾ ਦੇ ਤਿੰਨ ਸਾਬਕਾ ਖਿਡਾਰੀਆਂ ਖ਼ਿਲਾਫ਼ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਵੱਲੋਂ ਕੀਤੀ ਗਈ ਜਾਂਚ ਦੀ ਸ਼ੁਰੂਆਤ ਹੈ। ਇਸ ਵਿੱਚ ਮੌਜੂਦਾ ਕੌਮੀ ਖਿਡਾਰੀ ਸ਼ਾਮਿਲ ਨਹੀਂ ਹਨ।” ਤੇਜ਼ ਗੇਂਦਬਾਜ਼ ਸ਼ਹਿਨ ਮਦੁਸ਼ੰਕਾ ਨੂੰ ਪਿੱਛਲੇ ਹਫਤੇ ਸ਼੍ਰੀਲੰਕਾ ਦੀ ਪੁਲਿਸ ਨੇ ਹੈਰੋਇਨ ਰੱਖਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ। ਐਸਐਲਸੀ ਨੇ ਉਸ ਦਾ ਕਰਾਰ ਰੱਦ ਕਰ ਦਿੱਤਾ ਹੈ।