Sunrisers Hyderabad owners donate: ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਪੀੜਤ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜਿਸ ਕਾਰਨ ਬਹੁਤ ਸਾਰੀਆਂ ਨਾਮੀ ਹਸਤੀਆਂ ਦੇ ਨਾਲ-ਨਾਲ ਕਈ ਸਾਰੇ ਦੇਸ਼ਾਂ ਤੋਂ ਮਦਦ ਭੇਜੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ (SRH) ਵੀ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ।
ਦਰਅਸਲ, ਸਨਰਾਈਜ਼ਰਸ ਦੇ ਮਾਲਕ ਸਨ ਟੀਵੀ ਨੈੱਟਵਰਕ ਵੱਲੋਂ ਕੋਵਿਡ-19 ਵਿਰੁੱਧ ਲੜਾਈ ਲੜਨ ਲਈ 30 ਕਰੋੜ ਰੁਪਏ ਦਾਨ ਕੀਤੇ ਗਏ ਹਨ। ਸਨ ਟੀਵੀ ਨੈੱਟਵਰਕ ਨੇ ਸੋਮਵਾਰ ਨੂੰ ਰਾਜ ਅਤੇ ਕੇਂਦਰ ਸਰਕਾਰਾਂ ਤੋਂ ਇਲਾਵਾ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ (NGO) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕੋਵਿਡ-19 ਰਾਹਤ ਕਾਰਜਾਂ ਲਈ ਇਹ ਰਕਮ ਦਾਨ ਕੀਤੀ ਹੈ । ਭਾਰਤ ਅਜੇ ਵੀ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਜਿਸ ਕਾਰਨ ਰੋਜ਼ਾਨਾ 4000 ਤੋਂ ਵੱਧ ਲੋਕ ਮਰ ਰਹੇ ਹਨ।
ਇਸ ਸਬੰਧੀ ਸਨਰਾਈਜ਼ਰਸ ਨੇ ਆਪਣੇ ਟਵਿੱਟਰ ਪੇਜ ‘ਤੇ ਇੱਕ ਬਿਆਨ ਵਿੱਚ ਕਿਹਾ,”ਸਨ ਟੀਵੀ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ 30 ਕਰੋੜ ਰੁਪਏ ਦੀ ਸਹਾਇਤਾ ਦੇ ਰਹੀ ਹੈ ।” ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕਈ ਮੁਹਿੰਮਾਂ ਚਲਾਈਆਂ ਜਾਣਗੀਆਂ। ਜਿਸ ਵਿਚ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਪ੍ਰੋਗਰਾਮਾਂ ਵਿੱਚ ਦਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਆਕਸੀਜਨ ਸਿਲੰਡਰ, ਦਵਾਈਆਂ ਆਦਿ ਪ੍ਰਦਾਨ ਕਰਨਾ ਸ਼ਾਮਿਲ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਕੋਵਿਡ-19 ਨਾਲ ਲੜਾਈ ਵਿੱਚ ਭਾਰਤ ਦੇ ਲੋਕਾਂ ਦੀ ਮਦਦ ਲਈ 7.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ । ਖਿਡਾਰੀਆਂ ਦੇ ਨਾਲ-ਨਾਲ ਟੀਮ ਦੇ ਮਾਲਕ ਅਤੇ ਟੀਮ ਪ੍ਰਬੰਧਨ ਨੇ ਫੰਡ ਦੇਣ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸੀਐਸਕੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਤਾਮਿਲਨਾਡੂ ਦੇ ਲੋਕਾਂ ਦੀ ਮਦਦ ਲਈ ਵੀ ਅੱਗੇ ਆਇਆ ਹੈ । ਉਸਨੇ ਇੱਥੋਂ ਦੇ ਲੋਕਾਂ ਲਈ 450 ਆਕਸੀਜਨ ਕੰਸਨਟ੍ਰੇਟਰਾਂ ਦਾ ਪ੍ਰਬੰਧ ਕੀਤਾ ਹੈ।