Suresh Raina returns from UAE: ਇਸ ਦੌਰਾਨ ਅਚਾਨਕ ਖ਼ਬਰਾਂ ਆਈਆਂ ਹਨ ਕਿ ਬੱਲੇਬਾਜ਼ ਸੁਰੇਸ਼ ਰੈਨਾ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਿਸ ਪਰਤ ਆਇਆ ਹੈ। ਰੈਨਾ ਨਿੱਜੀ ਕਾਰਨਾਂ ਕਰਕੇ ਵਾਪਿਸ ਆਇਆ ਹੈ। ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਟਵੀਟ ਕੀਤਾ ਕਿ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਭਾਰਤ ਪਰਤਿਆ ਹੈ ਅਤੇ ਆਈਪੀਐਲ -2020 ਲਈ ਉਪਲੱਬਧ ਨਹੀਂ ਹੋਵੇਗਾ। ਆਈਪੀਐਲ 2020 ਇਸ ਵਾਰ 19 ਸਤੰਬਰ ਤੋਂ ਸ਼ੁਰੂ ਹੋਵੇਗਾ।
15 ਅਗਸਤ ਨੂੰ 33 ਸਾਲਾ ਸੁਰੇਸ਼ ਰੈਨਾ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਤੋਂ ਬਾਅਦ ਉਹ ਆਈਪੀਐਲ ਦੇ ਸੰਖੇਪ ਅਭਿਆਸ ਕੈਂਪ ਵਿੱਚ ਵੀ ਸ਼ਾਮਿਲ ਹੋਇਆ ਸੀ। ਉਹ ਟੀਮ ਨਾਲ ਦੁਬਈ ਲਈ ਵੀ ਰਵਾਨਾ ਹੋ ਗਿਆ ਸੀ, ਜਿਥੇ ਸੀਐਸਕੇ ਦੀ ਟੀਮ ‘ਤਾਜ’ ਵਿੱਚ ਰਹਿ ਰਹੀ ਹੈ। ਸੁਰੇਸ਼ ਰੈਨਾ ਨੇ ਕੱਲ੍ਹ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ – “ਜੇ ਦੁਨੀਆਂ ਹੌਲੀ ਹੋ ਗਈ ਹੈ ਤਾਂ ਤੁਸੀਂ ਆਪਣੇ ਆਪ ਨੂੰ ਦੁਬਾਰਾ ਖ਼ੋਜ ਸਕਦੇ ਹੋ।” ਚੇਨਈ ਸੁਪਰ ਕਿੰਗਜ਼ ਲਈ ਇਹ ਇੱਕ ਵੱਡਾ ਝੱਟਕਾ ਮੰਨਿਆ ਜਾਵੇਗਾ। ਇੱਕ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਟੀਮ ਇੰਡੀਆ ਦੇ ਇੱਕ ਮੌਜੂਦਾ ਗੇਂਦਬਾਜ਼ ਸਮੇਤ ਟੀਮ ਦੇ ਕਈ ਸਟਾਫ ਕੋਰੋਨਾ ਪੌਜੇਟਿਵ ਪਾਏ ਗਏ ਹਨ। ਖਬਰਾਂ ਅਨੁਸਾਰ ਉਹ ਗੇਂਦਬਾਜ਼ ਦੀਪਕ ਚਾਹਰ ਦੱਸਿਆ ਜਾ ਰਿਹਾ ਹੈ। ਇੱਕ ਹੋਰ ਚੇਨਈ ਖਿਡਾਰੀ ਰਿਤੂਰਾਜ ਗਾਇਕਵਾੜ ਵੀ ਕੋਰੋਨਾ ਟੈਸਟ ਵਿੱਚ ਸਕਾਰਾਤਮਕ ਪਾਇਆ ਗਿਆ ਹੈ।
ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੁਰੇਸ਼ ਰੈਨਾ (5368 ਦੌੜਾਂ) ਵਿਰਾਟ ਕੋਹਲੀ (5412 ਦੌੜਾਂ) ਤੋਂ ਬਾਅਦ ਦੂਜੇ ਨੰਬਰ ‘ਤੇ ਹਨ। ਰੈਨਾ ਕੋਲ ਫਿਲਹਾਲ ਬਹੁਤੇ ਆਈਪੀਐਲ ਮੈਚਾਂ ਦਾ ਰਿਕਾਰਡ ਹੈ। ਉਹ ਹੁਣ ਤੱਕ 193 ਮੈਚ ਖੇਡ ਚੁੱਕਾ ਹੈ, ਜਦਕਿ ਦੂਜੇ ਨੰਬਰ ‘ਤੇ ਰਹਿਣ ਵਾਲੇ ਮਹਿੰਦਰ ਸਿੰਘ ਧੋਨੀ ਨੇ 190 ਆਈਪੀਐਲ ਮੈਚ ਖੇਡੇ ਹਨ।