ਕ੍ਰਿਕਟ ਜਗਤ ਦੀ ਵਰਤਮਾਨ ਪੀੜ੍ਹੀ ਦੇ ਬਿਹਤਰੀਨ ਸਿਤਾਰਿਆਂ ਨਾਲ ਸਜੀ ਭਾਰਤੀ ਟੀਮ ICC T20 ਵਿਸ਼ਵ ਕੱਪ ਵਿੱਚ ਭਲਕੇ ਇੱਥੇ ਹੋਣ ਵਾਲੇ ਮਹਾ ਮੁਕਾਬਲੇ ਵਿੱਚ ਕੁਝ ਅਣਜਾਣ ਚਿਹਰਿਆਂ ਵਾਲੀ ਪਾਕਿਸਤਾਨੀ ਟੀਮ ਨੂੰ ਫਿਰ ਤੋਂ ਮਾਤ ਦੇਣ ਲਈ ਮੈਦਾਨ ਵਿੱਚ ਉਤਰੇਗੀ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਆਈਸੀਸੀ ਦੇ ਕਿਸੇ ਵੀ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਹੁੰਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਖੇਡ ਮੁਕਾਬਲੇ ਕਾਫੀ ਘੱਟ ਹੁੰਦੇ ਹਨ। ਇਸ ਮੁਕਾਬਲੇ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਬੁਲੰਦੀਆਂ ਉੱਤੇ ਹੈ।
ਜੇਕਰ ਆਈਸੀਸੀ ਦੇ ਇੱਕ ਰੋਜ਼ਾ ਤੇ ਟੀ20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿ ਵਿਰੁੱਧ ਸਾਰੇ 12 ਮੈਚਾਂ ਵਿੱਚ ਜਿੱਤ ਦਰਦ ਕੀਤੀ ਹੈ। ਵਿਰਾਟ ਕੋਹਲੀ ਦੀ ਟੀਮ ਇਸ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ। ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਵੀ ਇਸ ਮੌਕੇ ਮਹੱਤਵਪੂਰਨ ਹੋਵੇਗੀ ਜੋ ਕਿ ਮਾਰਗਦਰਸ਼ਕ ਦੇ ਤੌਰ ‘ਤੇ ਹਾਜ਼ਰ ਹੋਣਗੇ। ਟੀ20 ਵਿਸ਼ਵ ਕੱਪ ਵਿੱਚ ਭਾਰਤ ਨੇ ਸਾਰੇ ਮੈਚ ਧੋਨੀ ਦੀ ਅਗਵਾਈ ਵਿੱਚ ਹੀ ਜਿੱਤੇ ਹਨ। ਹਾਲਾਂਕਿ ਟੀ20 ਕ੍ਰਿਕਟ ਦਾ ਅਜਿਹਾ ਸਰੂਪ ਹੈ ਜਿਸ ਵਿੱਚ ਕਿਸੇ ਵੀ ਟੀਮ ਦੀ ਜਿੱਤ ਯਕੀਨੀ ਨਹੀਂ ਮੰਨੀ ਜਾ ਸਕਦੀ। ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਵੀ ਛਾਪ ਛੱਡਣ ਦੀ ਪੂਰੀ ਕੋਸ਼ਿਸ਼ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: