Twelve Iranian football players: ਤਹਿਰਾਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਇਸ ਵਾਇਰਸ ਤੋਂ ਹੁਣ ਖੇਡ ਦੀ ਦੁਨੀਆ ਵੀ ਵਾਂਝੀ ਨਹੀਂ ਰਹੀ ਹੈ। ਜਿੱਥੇ ਈਰਾਨ ਵਿੱਚ ਦੋ ਫੁੱਟਬਾਲ ਕਲੱਬਾਂ ਐਸਟੇਗਲਾਲ ਤੇ ਫੂਲਾਦ ਦੇ ਕੁੱਲ 12 ਖਿਡਾਰੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਐਸਟੇਗਲਾਲ ਕਲੱਬ ਦੇ ਛੇ ਖਿਡਾਰੀ ਕੋਰੋਨਾ ਵਾਇਰਸ ਤੋਂ ਪੀਤੜ ਪਾਏ ਗਏ ਹਨ । ਇਸ ਬਾਰੇ ਪਤਾ ਲੱਗਦਿਆਂ ਹੀ ਐਸਟੇਗਲਾਲ ਕਲੱਬ ਦੀ ਟ੍ਰੇਨਿੰਗ ਰੋਕ ਦਿੱਤੀ ਗਈ ਹੈ । ਸ਼ਨੀਵਾਰ ਨੂੰ ਐਸਟੇਗਲਾਲ ਕਲੱਬ ਦੇ ਖਿਡਾਰੀਆਂ ਨੇ ਪਰਸ ਜਾਨੌਬੀ ਦੇ ਵਿਰੁੱਧ ਬੁਸ਼ੇਹਰ ਵਿੱਚ ਖੇਡਣਾ ਸੀ।

ਇਸ ਤੋਂ ਇਲਾਵਾ ਕਲੱਬ ਦੇ ਡਾਕਟਰ ਕਾਵੇਹ ਸੋਤੂਦੇਹ ਨੇ ਕਈ ਹੋਰਨਾਂ ਖਿਡਾਰੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ‘ਤੇ ਵੀ ਖਦਸ਼ਾ ਜਤਾਇਆ ਹੈ । ਫਿਲਹਾਲ ਇਨ੍ਹਾਂ ਖਿਡਾਰੀਆਂ ਦੇ ਜਾਂਚ ਨਤੀਜੇ ਆਉਣੇ ਬਾਕੀ ਹਨ । ਉੱਥੇ ਹੀ ਦੂਜੇ ਪਾਸੇ ਫੂਲਾਦ ਨੇ ਵੀ ਐਲਾਨ ਕੀਤਾ ਹੈ ਕਿ ਉਸਦੇ ਵੀ ਛੇ ਖਿਡਾਰੀ ਕੋਰੋਨਾ ਪੀੜਤ ਪਾਏ ਗਏ ਹਨ । ਜਿਸ ਤੋਂ ਬਾਅਦ ਈਰਾਨੀ ਸਿਹਤ ਅਧਿਕਾਰੀਆਂ ਦੇ ਨਵੇਂ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਜੇਕਰ ਇੱਕ ਟੀਮ ਦੇ 5 ਖਿਡਾਰੀ ਇਸ ਵਾਇਰਸ ਦਾ ਸ਼ਿਕਾਰ ਹੁੰਦੇ ਹਨ ਤਾਂ ਟੀਮ ਦੇ ਮੈਚ ਰੱਦ ਕਰ ਦਿੱਤੇ ਜਾਣਗੇ ।

ਦੱਸ ਦੇਈਏ ਕਿ ਫਰਵਰੀ ਦੇ ਅਖੀਰ ਵਿੱਚ ਦੇਸ਼ ਵਿੱਚ ਕੋਵਿਡ -19 ਫੈਲਣ ‘ਤੇ ਲਗਭਗ ਚਾਰ ਮਹੀਨਿਆਂ ਦੀ ਮੁਅੱਤਲੀ ਤੋਂ ਬਾਅਦ ਈਰਾਨ ਦੇ ਫੁੱਟਬਾਲ ਸੁਪਰ ਲੀਗ ਮੈਚ ਪਿਛਲੇ ਹਫਤੇ ਦੁਬਾਰਾ ਸ਼ੁਰੂ ਹੋਏ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਸੀ ਕਿ ਈਰਾਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਅਜੇ ਵੀ ਆਪਣੀ ਪਹਿਲੀ ਲਹਿਰ ਵਿੱਚ ਹੈ।






















