us open 2020 : ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇੱਕ ਗ੍ਰੈਂਡ ਸਲੈਮ ਮੈਚ ਜਿੱਤਿਆ ਹੈ। ਸੁਮਿਤ ਨੇ ਯੂਐਸ ਓਪਨ ਦੇ ਪਹਿਲੇ ਗੇੜ ਵਿੱਚ ਅਮਰੀਕੀ ਖਿਡਾਰੀ ਬ੍ਰੈਡਲੇ ਕਲਾਨ ਨੂੰ 6-1, 6–3, 3–6, 6-1 ਨਾਲ ਹਰਾਇਆ। 124 ਵੀਂ ਰੈਂਕਿੰਗ ਦਾ ਸੁਮਿਤ ਨਾਗਲ ਹੁਣ ਵੀਰਵਾਰ ਨੂੰ ਦੂਜੇ ਗੇੜ ਵਿੱਚ ਵਿਸ਼ਵ ਨੰਬਰ 3 ਆਸਟਰੀਆ ਦੇ ਡੋਮਿਨਿਕ ਥੀਮ ਨਾਲ ਭਿੜੇਗਾ। ਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਅਮੈਰੀਕਨ ਓਪਨ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਸਿੱਧਾ ਪ੍ਰਵੇਸ਼ ਮਿਲਿਆ ਸੀ। ਨਾਗਲ ਨੇ 1 ਘੰਟਾ 27 ਮਿੰਟ ਚੱਲੇ ਮੈਚ ਵਿੱਚ ਬ੍ਰੈਡਲੇ ਨੂੰ ਹਰਾਇਆ। ਯੂਐਸ ਓਪਨ ਤੋਂ ਇਲਾਵਾ, ਨਾਗਲ ਨੇ ਅਜੇ ਤੱਕ ਕੋਈ ਗ੍ਰੈਂਡ ਸਲੈਮ ਨਹੀਂ ਖੇਡਿਆ ਹੈ, ਜਦੋਂ ਕਿ ਵਰਲਡ ਨੰਬਰ -129 ਬ੍ਰੈਡਲੇ ਨੇ ਸਾਰੇ ਚਾਰ ਗ੍ਰੈਂਡ ਸਲੈਮ ਖੇਡੇ ਹਨ। ਪਰ ਉਹ ਦੂਜੇ ਗੇੜ ਤੋਂ ਅੱਗੇ ਨਹੀਂ ਵੱਧ ਸਕਿਆ ਹੈ। ਸੱਤ ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਪੁਰਸ਼ ਸਿੰਗਲ ਖਿਡਾਰੀ ਨੇ ਯੂਐਸ ਓਪਨ ‘ਚ ਮੈਚ ਜਿੱਤਿਆ ਹੈ।
ਉਸ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਨੇ 2013 ਵਿੱਚ ਇਹ ਪ੍ਰਾਪਤੀ ਹਾਸਿਲ ਕੀਤੀ ਸੀ। ਪਿੱਛਲੇ ਸਾਲ ਨਾਗਲ ਨੇ ਇੱਥੇ ਪਹਿਲੀ ਵਾਰ ਖੇਡਦੇ ਹੋਏ ਰੋਜਰ ਫੈਡਰਰ ਦੇ ਖਿਲਾਫ ਪਹਿਲਾ ਸੈੱਟ (6-4) ਨਾਲ ਜਿੱਤਿਆ ਸੀ। ਹਾਲਾਂਕਿ, ਇਸਦੇ ਬਾਅਦ ਸਵਿਸ ਸਟਾਰ ਨੇ ਸੁਮਿਤ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਫੈਡਰਰ ਨੇ ਅਗਲੇ ਤਿੰਨ ਸੈੱਟ 6-1, 6-2, 6–4 ਨਾਲ ਜਿੱਤ ਕੇ ਮੈਚ ਵਿੱਚ ਆਪਣੀ ਸਾਖ ਬਚਾ ਲਈ ਸੀ। ਸੁਮਿਤ ਨਾਗਲ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਜੈਤਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਫੌਜੀ ਪਿਤਾ ਸੁਰੇਸ਼ ਨਾਗਲ ਟੈਨਿਸ ਵਿੱਚ ਦਿਲਚਸਪੀ ਰੱਖਦੇ ਸਨ। ਉਸਦੇ ਪਿਤਾ ਨੇ ਸੁਮਿਤ ਨੂੰ ਟੈਨਿਸ ਖਿਡਾਰੀ ਬਣਾਉਣ ਬਾਰੇ ਸੋਚਿਆ ਸੀ। ਨਾਗਲ ਨੇ ਅੱਠ ਸਾਲ ਦੀ ਉਮਰ ਵਿੱਚ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ।