Virat kohli on farmers protest : ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਦੇਸ਼ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਹੈ। ਦੇਸ਼ ਵਿੱਚ ਹਰ ਜਗ੍ਹਾ, ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਚਰਚਾ ਹੈ। ਖੇਡ ਜਗਤ ਵੀ ਇਸ ਵਿਚਾਰ ਵਟਾਂਦਰੇ ਤੋਂ ਪਰੇ ਨਹੀਂ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਮੌਜੂਦਾ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਟੀਮ ਦੀ ਮੀਟਿੰਗ ਵਿੱਚ ਉਠਿਆ ਜਿਸ ਵਿੱਚ ਹਰ ਇੱਕ ਨੇ ਆਪਣੇ ਵਿਚਾਰ ਦਿੱਤੇ। ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਤੋਂ ਪਹਿਲਾਂ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕੋਹਲੀ ਨੇ ਇਸ ਸੰਖੇਪ ਗੱਲਬਾਤ ਦਾ ਵੇਰਵਾ ਨਹੀਂ ਦਿੱਤਾ ਸੀ। ਵਿਰਾਟ ਕੋਹਲੀ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਵਿੱਚ ਟੀਮ ਇੰਡੀਆ ‘ਚ ਵਾਪਸੀ ਕਰ ਰਿਹਾ ਹੈ। ਆਸਟ੍ਰੇਲੀਆ ਖ਼ਿਲਾਫ਼ ਲੜੀ ਦੇ ਪਹਿਲੇ ਟੈਸਟ ਤੋਂ ਬਾਅਦ ਵਿਰਾਟ ਛੁੱਟੀ ’ਤੇ ਭਾਰਤ ਪਰਤੇ ਸਨ।
ਉਨ੍ਹਾਂ ਕਿਹਾ, “ਅਸੀਂ ਟੀਮ ਬੈਠਕ ਵਿੱਚ ਇਸ ਬਾਰੇ ਗੱਲ ਕੀਤੀ ਸੀ। ਸਾਰਿਆਂ ਨੇ ਆਪਣੀ ਰਾਏ ਜ਼ਾਹਿਰ ਕੀਤੀ।” ਬੁੱਧਵਾਰ ਨੂੰ ਕੋਹਲੀ, ਸਚਿਨ ਤੇਂਦੁਲਕਰ, ਕੋਚ ਰਵੀ ਸ਼ਾਸਤਰੀ ਸਮੇਤ ਕਈ ਭਾਰਤੀ ਕ੍ਰਿਕਟ ਸਿਤਾਰਿਆਂ ਨੇ ਅਮਰੀਕੀ ਪੌਪ ਸਟਾਰ ਰਿਹਾਨਾ ਸਮੇਤ ਕੁੱਝ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਟਿੱਪਣੀ ਕਰਦਿਆਂ ਦੇਸ਼ ਵਿੱਚ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਕੋਹਲੀ ਨੇ ਟਵੀਟ ਕੀਤਾ ਸੀ ਕਿ, “ਅਸਹਿਮਤੀ ਦੇ ਇਸ ਪੜਾਅ ਵਿੱਚ ਇਕਜੁੱਟਤਾ ਬਣਾਈ ਰੱਖੋ। ਕਿਸਾਨ ਦੇਸ਼ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਮੈਨੂੰ ਯਕੀਨ ਹੈ ਕਿ ਸਾਰੀਆਂ ਧਿਰਾਂ ਵਿਚਾਲੇ ਆਪਸੀ ਸਹਿਮਤੀ ਨਾਲ ਕੋਈ ਹੱਲ ਕੱਢਿਆ ਜਾਵੇਗਾ।”