ਉਭਰਦੀ ਮਹਿਲਾ ਨਿਸ਼ਾਨੇਬਾਜ਼ ਅਤੇ ਨੈਸ਼ਨਲ ਸ਼ੂਟਿੰਗ ਚੈਂਪੀਅਨ ਕੋਨਿਕਾ ਲਾਇਕ ਦੀ ਖੁਦਕੁਸ਼ੀ ਦੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉਹ ਝਾਰਖੰਡ ਦੇ ਧਨਬਾਦ ਸ਼ਹਿਰ ਦੀ ਰਹਿਣ ਵਾਲੀ ਸੀ। ਫਿਲਹਾਲ ਉਹ ਕੋਲਕਾਤਾ ਦੇ ਇੱਕ ਹੋਸਟਲ ਵਿੱਚ ਰਹਿ ਰਹੀ ਸੀ।
ਜਾਣਕਾਰੀ ਮੁਤਾਬਿਕ ਕੋਨਿਕਾ ਨੇ ਹੋਸਟਲ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਕੋਨਿਕਾ ਪਿਛਲੇ ਚਾਰ ਮਹੀਨਿਆਂ ਵਿੱਚ ਖੁਦਕੁਸ਼ੀ ਕਰਨ ਵਾਲੀ ਚੌਥੀ ਨਿਸ਼ਾਨੇਬਾਜ਼ ਹੈ। ਕੂੱਝ ਦਿਨ ਪਹਿਲਾਂ ਪੰਜਾਬ ਦੀ 17 ਸਾਲਾ ਸ਼ੂਟਰ ਖੁਸ਼ ਸੀਰਤ ਕੌਰ ਨੇ ਵੀ ਖੁਦਕੁਸ਼ੀ ਕਰ ਲਈ ਸੀ। ਉਸ ਨੇ ਆਪਣੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਖੁਸ਼ ਸੀਰਤ ਨੇ ਭਾਰਤ ਲਈ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਤੋਂ ਪਹਿਲਾਂ ਅਕਤੂਬਰ ਵਿੱਚ ਪੰਜਾਬ ਦੇ ਹੁਨਰਦੀਪ ਸਿੰਘ ਸੋਹਲ ਅਤੇ ਸਤੰਬਰ ਵਿੱਚ ਮੋਹਾਲੀ ਦੇ ਨਮਨਵੀਰ ਸਿੰਘ ਬਰਾੜ ਨੇ ਵੀ ਖੁਦਕੁਸ਼ੀ ਕਰ ਲਈ ਸੀ।
ਕੋਨਿਕਾ ਨੇ ਝਾਰਖੰਡ ਰਾਜ ਪੱਧਰ ‘ਤੇ ਚਾਰ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ। ਉਹ 10 ਮੀਟਰ ਏਅਰ ਰਾਈਫਲ ਵਰਗ ਵਿੱਚ ਸਟੇਟ ਚੈਂਪੀਅਨ ਸੀ। ਕੁੱਝ ਮਹੀਨੇ ਪਹਿਲਾਂ ਕੋਨਿਕਾ ਉਦੋਂ ਸੁਰਖੀਆਂ ‘ਚ ਆਈ ਸੀ ਜਦੋਂ ਉਸ ਨੇ ਅਦਾਕਾਰ ਸੋਨੂੰ ਸੂਦ ਤੋਂ ਰਾਈਫਲ ਲਈ ਮਦਦ ਮੰਗੀ ਸੀ। ਫਿਰ ਸੋਨੂੰ ਸੂਦ ਨੇ ਉਸ ਨੂੰ ਤੋਹਫੇ ਵੱਜੋਂ ਰਾਈਫਲ ਦਿੱਤੀ ਸੀ। ਇਸ ਤੋਂ ਪਹਿਲਾਂ ਉਹ ਆਪਣੇ ਕੋਚ ਰਾਜਿੰਦਰ ਸਿੰਘ ਅਤੇ ਦੋਸਤਾਂ ਦੀ ਰਾਈਫਲ ਨਾਲ ਹੀ ਅਭਿਆਸ ਕਰਦੀ ਸੀ। ਉਸ ਸਮੇਂ ਕੋਨਿਕਾ ਰਾਸ਼ਟਰੀ ਟੀਮ ‘ਚ ਚੁਣੀ ਗਈ ਸੀ ਪਰ ਉਸ ਕੋਲ ਆਪਣੀ ਰਾਈਫਲ ਨਹੀਂ ਸੀ। ਇਸ ਕਾਰਨ ਉਹ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੀ। ਫਿਰ ਉਸ ਨੇ ਸੋਨੂੰ ਸੂਦ ਤੋਂ ਮਦਦ ਮੰਗੀ। ਸੋਨੂੰ ਨੇ 24 ਮਾਰਚ ਨੂੰ ਉਸ ਨੂੰ 2.70 ਲੱਖ ਰੁਪਏ ਦੀ ਜਰਮਨ ਰਾਈਫਲ ਭੇਜੀ ਸੀ। ਇਸ ਤੋਂ ਬਾਅਦ ਕੋਨਿਕਾ ਲਾਇਕ ਨੇ ਟਵੀਟ ਕਰਕੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: