yuvraj said rohit sharma: ਟੀਮ ਇੰਡੀਆ ਨੇ 2007 ਵਿੱਚ ਪਹਿਲੇ ਟਵੰਟੀ-ਟਵੰਟੀ ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਭਾਰਤ ਦੀ ਇਸ ਜਿੱਤ ਦਾ ਸਿਹਰਾ ਸਿਕਸਰ ਕਿੰਗ ਯੁਵਰਾਜ ਸਿੰਘ ਨੂੰ ਦਿੱਤਾ ਗਿਆ ਹੈ ਜਿਸ ਨੇ ਵਿਸ਼ਵ ਕੱਪ ਵਿੱਚ 6 ਗੇਂਦਾਂ ‘ਚ 6 ਛੱਕੇ ਲਗਾਏ ਸਨ। ਹਾਲਾਂਕਿ, ਯੁਵਰਾਜ ਦਾ ਕਹਿਣਾ ਹੈ ਕਿ 2007 ਟੀ -20 ਵਰਲਡ ਕੱਪ ਦੇ ਫਾਈਨਲ ਵਿੱਚ ਰੋਹਿਤ ਸ਼ਰਮਾ ਦੀ ਪਾਰੀ ਬਹੁਤ ਖਾਸ ਸੀ, ਜਿਸ ਨੂੰ ਜ਼ਿਆਦਾਤਰ ਲੋਕ ਭੁੱਲ ਜਾਂਦੇ ਹਨ। ਭਾਰਤ ਨੇ 24 ਸਤੰਬਰ 2007 ਨੂੰ ਜੋਹਾਨਸਬਰਗ ਵਿੱਚ ਹੋਏ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਪਹਿਲਾ ਟੀ -20 ਵਿਸ਼ਵ ਕੱਪ ਜਿੱਤਿਆ ਸੀ। ਇਸ ਮੈਚ ਵਿੱਚ ਗੌਤਮ ਗੰਭੀਰ ਨੇ 54 ਗੇਂਦਾਂ ਵਿੱਚ 75 ਦੌੜਾਂ ਬਣਾਈਆਂ ਸੀ। ਇਸ ਦੇ ਨਾਲ ਹੀ ਇਰਫਾਨ ਪਠਾਨ ਅਤੇ ਆਰਪੀ ਸਿੰਘ ਨੇ ਤਿੰਨ-ਤਿੰਨ ਵਿਕਟਾਂ ਲਈਆਂ ਸੀ। ਯੁਵਰਾਜ ਨੇ ਕਿਹਾ, “ਗੌਤਮ ਅਤੇ ਇਰਫਾਨ ਦਾ ਫਾਈਨਲ ਸ਼ਾਨਦਾਰ ਰਿਹਾ। ਇਸ ਲਈ ਮੇਰੇ ਖ਼ਿਆਲ ਇਹ ਇੱਕ ਸਾਂਝਾ ਯਤਨ ਸੀ। ਹਾਂ, ਮੈਂ ਇੰਗਲੈਂਡ ਅਤੇ ਆਸਟ੍ਰੇਲੀਆ ਖ਼ਿਲਾਫ਼ ਦੋ ਅਹਿਮ ਪਾਰੀਆਂ ਖੇਡੀਆਂ, ਜਿਸ ਨੇ ਸਾਨੂੰ ਅੱਗੇ ਆਉਣ ਵਿੱਚ ਸਹਾਇਤਾ ਕੀਤੀ।”
ਯੁਵਰਾਜ ਨੇ ਕਿਹਾ ਕਿ ਲੋਕ ਹਮੇਸ਼ਾਂ ਫਾਈਨਲ ‘ਚ ਰੋਹਿਤ ਸ਼ਰਮਾ ਦੀ ਪਾਰੀ ਨੂੰ ਭੁੱਲ ਜਾਂਦੇ ਹਨ। ਉਸਨੇ 16 ਗੇਂਦਾਂ ਵਿੱਚ 30 ਦੌੜਾਂ ਬਣਾਈਆਂ ਅਤੇ ਭਾਰਤ ਦਾ ਸਕੋਰ 150 ਤੋਂ ਪਾਰ ਕੀਤਾ। ਆਪਣੀ ਪਾਰੀ ਵਿੱਚ ਉਸਨੇ ਕੁੱਝ ਚੌਕੇ ਅਤੇ ਇੱਕ ਛੱਕਾ ਲਗਾਇਆ ਸੀ। ਉਨ੍ਹਾਂ ਕਿਹਾ ਕਿ, “ਹਰ ਕੋਈ ਮੇਰੀ ‘ਤੇ ਗੌਤਮ ਦੀ ਗੱਲ ਕਰਦਾ ਹੈ ਪਰ ਕੋਈ ਵੀ ਰੋਹਿਤ ਦੇ 16 ਗੇਂਦਾਂ ‘ਚ 30 ਯਾਦ ਨਹੀਂ ਕਰਦਾ ਜਿਸ ਨੇ ਸਾਨੂੰ ਪੰਜ ਵਿਕਟਾਂ ‘ਤੇ 157 ਦੌੜਾਂ ਤੱਕ ਪਹੁੰਚਾਇਆ। ਇਹ ਟੂਰਨਾਮੈਂਟ ਦੀ ਸਭ ਤੋਂ ਮਹੱਤਵਪੂਰਣ ਪਾਰੀ ਸੀ। ਇਰਫਾਨ ਨੇ ਤਿੰਨ ਵਿਕਟਾਂ ਲਈਆਂ ਅਤੇ ਮੈਨ ਆਫ ਦਿ ਮੈਚ ਬਣਿਆ, ਪਰ ਮੇਰੇ ਖਿਆਲ ‘ਚ ਫਾਈਨਲ ਵਿੱਚ ਰੋਹਿਤ ਦੀ ਪਾਰੀ ਵਿਸ਼ੇਸ਼ ਸੀ।” ਦੱਸ ਦੇਈਏ ਕਿ ਯੁਵਰਾਜ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਹਾਲ ਹੀ ਵਿੱਚ, ਯੁਵਰਾਜ ਸਿੰਘ ਨੇ ਬੀਸੀਸੀਆਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ ਕਿ ਉਹ ਬਿਹਤਰ ਵਿਦਾਈ ਦੇ ਹੱਕਦਾਰ ਸਨ।