Yuvraj wants to play in BBL: ਪਿੱਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ, ਬਿੱਗ ਬੈਸ਼ ਲੀਗ (ਬੀਬੀਐਲ) ਵਿੱਚ ਖੇਡਣਾ ਚਾਹੁੰਦੇ ਹਨ ਅਤੇ ਕ੍ਰਿਕਟ ਆਸਟ੍ਰੇਲੀਆ (ਸੀਏ) ਉਸ ਲਈ ਇੱਕ ਕਲੱਬ ਲੱਭਣ ਵਿੱਚ ਸਹਾਇਤਾ ਕਰ ਰਿਹਾ ਹੈ। ਹੁਣ ਤੱਕ ਕੋਈ ਵੀ ਭਾਰਤੀ ਖਿਡਾਰੀ ਬੀਬੀਐਲ ਵਿੱਚ ਨਹੀਂ ਖੇਡ ਸਕਿਆ, ਕਿਉਂਕਿ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਸਰਗਰਮ ਖਿਡਾਰੀਆਂ ਨੂੰ ਵਿਦੇਸ਼ੀ ਲੀਗਾਂ ਵਿੱਚ ਖੇਡਣ ਦੀ ਆਗਿਆ ਨਹੀਂ ਦਿੰਦਾ ਹੈ। 38 ਸਾਲਾ ਯੁਵਰਾਜ ਨੇ ਪਿੱਛਲੇ ਸਾਲ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਇਸ ਤਰ੍ਹਾਂ ਉਸ ਲਈ ਵਿਦੇਸ਼ੀ ਲੀਗ ਵਿੱਚ ਖੇਡਣ ਦਾ ਰਾਹ ਪੱਧਰਾ ਹੋ ਗਿਆ। ਇੱਕ ਰਿਪੋਰਟ ਦੇ ਅਨੁਸਾਰ ਯੁਵਰਾਜ ਦੇ ਮੈਨੇਜਰ ਜੇਸਨ ਵਾਰਨ ਨੇ ਪੁਸ਼ਟੀ ਕੀਤੀ ਕਿ ਕ੍ਰਿਕਟ ਆਸਟ੍ਰੇਲੀਆ ਇਸ ਸਾਬਕਾ ਭਾਰਤੀ ਆਲਰਾਉਂਡਰ ਵਿੱਚ ਦਿਲਚਸਪੀ ਲੈਣ ਵਾਲੀ ਇੱਕ ਫ੍ਰੈਂਚਾਇਜ਼ੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਰਨ ਨੇ ਸੋਮਵਾਰ ਨੂੰ ਕਿਹਾ, “ਅਸੀਂ ਸੀਏ ਨਾਲ ਮਿਲ ਕੇ ਇੱਕ ਟੀਮ ਦੀ ਭਾਲ ਕਰ ਰਹੇ ਹਾਂ।”
ਯੁਵਰਾਜ, ਜੋ ਵਿਸ਼ਵ ਕੱਪ 2011 ਦਾ ਸਰਬੋਤਮ ਖਿਡਾਰੀ ਸੀ, ਉਸ ਨੇ ਸਾਲ 2017 ਤੋਂ ਬਾਅਦ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ 304 ਵਨਡੇ ਮੈਚਾਂ ਵੀਚ 8701 ਦੌੜਾਂ ਬਣਾਉਣ ਤੋਂ ਇਲਾਵਾ 111 ਵਿਕਟਾਂ ਵੀ ਲਈਆਂ ਹਨ। ਉਸਨੇ ਦੇਸ਼ ਲਈ 40 ਟੈਸਟ ਅਤੇ 58 ਟੀ -20 ਕੌਮਾਂਤਰੀ ਮੈਚ ਵੀ ਖੇਡੇ ਹਨ। ਰਿਪੋਰਟ ਦੇ ਅਨੁਸਾਰ, ਹਾਲਾਂਕਿ, ਬੀਬੀਐਲ ਕਲੱਬ ਅਜੇ ਵੀ ਯੁਵਰਾਜ ਵਿੱਚ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ ਹਨ। ਆਸਟ੍ਰੇਲੀਆਈ ਕ੍ਰਿਕਟਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਲਈ ਖੇਡ ਰਹੇ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਬੀਬੀਐਲ ਵਿੱਚ ਭਾਰਤੀ ਖਿਡਾਰੀਆਂ ਦੀ ਭਾਗੀਦਾਰੀ ਅਵਿਸ਼ਵਾਸ਼ਯੋਗ ਹੋਵੇਗੀ। ਵਾਟਸਨ ਨੇ ਕਿਹਾ, “ਉਨ੍ਹਾਂ ਲਈ ਇਸ ਟੂਰਨਾਮੈਂਟ ਵਿੱਚ ਖੇਡਣਾ ਸ਼ਾਨਦਾਰ ਹੋਵੇਗਾ। ਇਹ ਆਦਰਸ਼ ਸਥਿਤੀ ਹੈ। ਭਾਰਤ ‘ਚ ਬਹੁਤ ਸਾਰੇ ਵਿਸ਼ਵ ਪੱਧਰੀ ਟੀ -20 ਖਿਡਾਰੀ ਹਨ ਜੋ ਭਾਰਤ ਲਈ ਨਹੀਂ ਖੇਡ ਰਹੇ ਹਨ ਅਤੇ ਦੁਨੀਆ ਭਰ ਵੀਚ ਬਿਗ ਬੈਸ਼ ਅਤੇ ਹੋਰ ਟੂਰਨਾਮੈਂਟਾਂ ਲਈ ਉਪਲਬਧ ਹੋ ਸਕਦੇ ਹਨ। ਜੇ ਅਜਿਹਾ ਹੁੰਦਾ ਹੈ, ਤਾਂ ਇਹ ਇੱਕ ਵੱਡਾ ਫਰਕ ਪਾਏਗਾ।”