ਮੋਗਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਦੀ ਸ਼ੁਰੂਆਤ ਦੀ ਵਰ੍ਹੇਗੰਢ ’ਤੇ ਡੂੰਘੇ ਦੁੱਖ, ਪੀੜਾ ਤੇ ਰੋਹ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਗਾਂਧੀ ਪਰਿਵਾਰ ਪੰਜਾਬ ਵਿਚ ਇਸ ਹਮਲੇ ਦੀ ਵਡਿਆਈ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਤਰੱਕੀਆਂ ਤੇ ਵਜ਼ੀਰੀਆਂ ਦੇ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਇਥੇ ਜਥੇਦਾਰ ਤੋਤਾ ਸਿੰਘ, ਤੀਰਥ ਸਿੰਘ ਮਾਹਲਾ ਤੇ ਮੱਖਣ ਬਰਾੜ ਦੀ ਅਗਵਾਈ ਹੇਠ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਵੱਲੋਂ ਸ਼ੁਰੂ ਕੀਤੀ ਆਕਸੀਜ਼ਨ ਸੇਵਾ ਦਾ ਉਦਘਾਟਨ ਕਰਨ ਆਏ ਸਨ। ਇਸ ਆਕਸੀਜ਼ਨ ਸੇਵਾ ਤਹਿਤ 25 ਕੰਸੈਂਟ੍ਰੇਟਰ ਦਿੱਤੇ ਗਏ ਹਨ ਤੇ ਲੋਕ ਇਨ੍ਹਾਂ ਵਾਸਤੇ 90566-00007 ’ਤੇ ਫੋਨ ਕਰ ਕੇ ਇਹ ਸਹੂਲਤ ਲੈ ਸਕਦੇ ਹਨ। ਸ੍ਰੀ ਦਰਬਾਰ ਸਾਹਿਬ ’ਤੇ 1984 ਵਿਚ ਕੀਤੇ ਗਏ ਹਮਲੇ ਦੀ ਅੱਜ ਦੀ ਤਾਰੀਕ ਤੋਂ ਸ਼ੁਰੂਆਤ ਕੀਤੇ ਜਾਣ ਦੀ ਗੱਲ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਹਜ਼ਾਰਾਂ ਮਾਸੂਸ ਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਜਦੋਂ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਹੈ, ’ਤੇ ਸ਼ਹੀਦ ਕੀਤੇ ਜਾਣ ’ਤੇ ਡੂੰਘੇ ਦੁੱਖ, ਪੀੜਾ ਤੇ ਰੋਹ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਨਾ ਸਿਰਫ ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਸਰੂਪ ਅਗਨ ਭੇਂਟ ਕਰ ਦਿੱਤੇ ਗਏ । ਉਨ੍ਹਾਂ ਕਿਹਾ ਕਿ ਇਸ ਤੋਂ ਵੀ ਨਿੰਦਣਯੋਗ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਨੀਚ ਹਰਕਤ ਨੁੰ ਸਹੀ ਠਹਿਰਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਸਾਬਕਾ ਸਪੀਕਰ ਬਲਰਾਮ ਜਾਖੜ ਨੇ ਤਾਂ ਇਹ ਵੀ ਕਿਹਾ ਸੀ ਕਿ ਜੇਕਰ ਸਾਨੁੰ 2 ਕਰੋੜ ਸਿੱਖਾਂ ਨੁੰ ਮਾਰਨ ਦੀ ਲੋੜ ਪਈ ਤਾਂ ਅਸੀਂ ਮਾਰਾਂਗੇ। ਉਨ੍ਹਾਂ ਕਿਹਾ ਕਿ ਉਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੰਤੋਖ ਰੰਧਾਵਾ ਜੋ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਪਿਤਾ ਸਨ, ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਲਈ ਇੰਦਰਾ ਗਾਂਧੀ ਦੀ ਵਡਿਆਈ ਕੀਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਪ੍ਰਤੀ ਗਾਂਧੀ ਪਰਿਵਾਰ ਦੀ ਆਗੂਅਸੋਚ ਦਾ ਪਤਾ ਇਥੋਂ ਲੱਗ ਜਾਂਦਾ ਹੈ ਕਿ ਜਿਹੜੇ ਕਾਂਗਰਸੀ ਆਗੂਆਂ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਹਮਲੇ ਦੀ ਵਡਿਆਈ ਕੀਤੀ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਉਚੇ ਅਹੁਦਿਆਂ ਨਾਲ ਨਿਵਾਜਿਆਂ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਾਂਗਰਸ ਰਾਜਕਾਲ ਵੇਲੇ ਤਰਸ ਦੇ ਆਧਾਰ ’ਤੇ ਕੀਤੀਆਂ ਗਈਆਂ ਨਜਾਇਜ਼ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੁੰ ਡੀ ਐਸ ਪੀ ਦੇ ਅਹੁਦੇ ’ਤੇ ਲਗਾਇਆ ਗਿਆ ਹੈ ਜਦਕਿ ਵਿਧਾਇਕ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਡੀ ਐਸ ਪੀ ਤੇ ਤਹਿਸੀਲਦਾਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨਾਲ ‘ਘਰ ਘਰ ਨੌਕਰੀ’ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਇਹ ਸਹੂਲਤ ਸਿਰਫ ਕਾਂਗਰਸੀਆਂ ਨੂੰ ਹੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੇਅੰਤ ਸਿੰਘ ਦੇ ਪੋਤੇ ਤੇ ਲੁਧਿਆਣਾ ਦੇ ਐਮ ਪੀ ਰਵਨੀਤ ਬਿੱਟੂ ਦੇ ਭਰਾ ਨੂੰ ਸਾਬਕਾ ਮੁੱਖ ਮੰਤਰੀ ਦੀ ਹੱਤਿਆ 22 ਸਾਲ ਬਾਅਦ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ।
ਹੁਣ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਦੇ ਚੱਕਰਾਂ ਵਿਚ ਵਿਧਾਇਕ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਡੀ ਐਸ ਪੀ ਤੇ ਤਹਿਸੀਲਦਾਰ ਲਗਾਉਣ ਦੀ ਪੇਸ਼ਕਸ਼ ਕਰ ਰਹੇ ਹਨ ਤੇ ਉਹੀ ਆਧਾਰ ਬਣਾ ਰਹੇ ਹਨ ਭਾਵੇਂ ਕਿ ਉਨ੍ਹਾਂ ਦੇ ਦਾਦਿਆਂ ਦਾ ਦਿਹਾਂਤ 30 ਸਾਲ ਪਹਿਲਾਂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕਾਨੂੰਨ ਦੇ ਖਿਲਾਫ ਹੈ ਕਿਉਂਕਿ ਬਹੁਤ ਜ਼ਿਆਦਾ ਸਮਾਂ ਲੰਘ ਗਿਆ ਹੈ ਤੇ ਇਹ ਵੀ ਅਸਲੀਅਤ ਹੈ ਕਿ ਇਸ ਸਕੀਮ ਤਹਿਤ ਦਿੱਤੀ ਜਾ ਰਹੀ ਨੌਕਰੀ ਲਈ ਲਾਭਪਾਤਰੀ ਜ਼ਰੂਰਤਮੰਦ ਵੀ ਨਹੀਂ ਹਨ। ਸ. ਬਾਦਲ ਨੇ ਭਰੋਸਾ ਦਿੱਤਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਜਿਹੀਆਂ ਸਾਰੀਆਂ ਨਿਯੁਕਤੀਆਂ ਰੱਦ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨਾਲ ਬੇਇਨਸਾਫੀ ਨਹੀਂ ਕਰ ਸਕਦੇ ਕਿਉਂਕਿ ਇਹ ਕਾਂਗਰਸੀ ਤਾਂ ਇਸ ਕੋਟੇ ਤਹਿਤ ਨੌਕਰੀ ਦੇ ਸਹੀ ਹੱਕਦਾਰਾਂ ਦਾ ਵੀ ਹੱਕ ਮਾਰ ਰਹੇ ਹਨ।
ਬੇਅਦਬੀ ਦੇ ਘਿਨੌਣੇ ਮਾਮਲਿਆਂ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਕੌਮ ਤੇ ਪੰਜਾਬੀ ਕਦੇ ਵੀ ਕਾਂਗਰਸ ਸਰਕਾਰ ਨੂੰ ਇਸ ਮਾਮਲੇ ’ਤੇ ਰਾਜਨੀਤੀ ਕਰਨ ਲਈ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਸਨੇ ਬੇਅਦਬੀ ਕੀਤੀ ਤੇ ਜਿਸਨੇ ਇਸ ’ਤੇ ਸਿਆਸਤ ਕੀਤੀ, ਉਹਨਾਂ ਦਾ ਕੱਖ ਨਾ ਰਹੇ। ਉਹਨਾਂ ਕਿਹਾ ਕਿ ਇਹੀ ਗੱਲ ਸੱਚ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਕਾਂਗਰਸ ਸਰਕਾਰ ਦਾ ਕੇਸ ਵਿਚ ਨਿਆਂ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਿਛਲੀ ਅਕਾਲੀ ਦਲ ਦੀ ਸਰਕਾਰ ਹੀ ਸੀ ਜਿਸਨੇ ਕੇਸ ਵਿਚ ਨਿਆਂ ਵਾਸਤੇ ਸਭ ਤੋਂ ਚੰਗੇ ਉਪਰਾਲੇ ਕੀਤੇ ਤੇ ਇਹ ਕੇਸ ਕਾਂਗਰਸ ਪਾਰਟੀ ਤੇ ਕਈ ਹੋਰ ਸੰਗਠਨਾਂ ਦੇ ਦੇ ਕਹਿਣ ’ਤੇ ਸੀ ਬੀ ਆਈ ਹਵਾਲੇ ਕੀਤਾ। ਉਨ੍ਹਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਸਰਕਾਰ ਬਣਨ ’ਤੇ ਅਸੀਂ ਸਿੱਖ ਪੰਥ ਨੁੰ ਇਸ ਮਾਮਲੇ ਦਾ ਨਿਆਂ ਦੇਣ ਲਈ ਵਚਨਬੱਧ ਤੇ ਦ੍ਰਿੜ੍ਹ ਸੰਕਲਪ ਹਾਂ।
ਸੁਖਬੀਰ ਬਾਦਲ ਨੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵਜ਼ਾਰਤੀ ਕੁਰਸੀਆਂ ਲੈਣ ਲਈ ਦਿੱਲੀ ਭੱਜਣ ਦੀ ਵੀ ਨਿਖਸੇਧੀ ਕੀਤੀ। ਉਹਨਾਂ ਕਿਹਾ ਕਿ ਇਹ ਕਾਂਗਰਸੀ ਆਗੂਆਂ ਲਈ ਬਹੁਤ ਹੀ ਅਣਮਨੁੱਖੀ ਗੱਲ ਹੈ ਕਿ ਉਹ ਕੁਰਸੀ ਸੇਵਾ ਲਈ ਉਸ ਵੇਲੇ ਦਿੱਲੀ ਭੱਜ ਰਹੇ ਹਨ ਜਿਸ ਵੇਲੇ ਉਹਨਾਂ ਤੋਂ ਕੋਰੋਨਾ ਸੰਕਟ ਵੇਲੇ ਕੋਰੋਨਾ ਸੇਵਾ ਵਾਸਤੇ ਹਸਪਤਾਲਾਂ ਤੇ ਪਿੰਡਾਂ ਦੇ ਦੌਰੇ ਕਰਨ ਦੀ ਆਸ ਰੱਖੀ ਕੀਤੀ ਗਈ ਹੋਵੇ।
ਇਹ ਵੀ ਪੜ੍ਹੋ : ਕਾਂਗਰਸ ਦੇ ਘਮਾਸਾਨ ਵਿਚਾਲੇ ਕੈਪਟਨ ਨੇ 2 ਜੂਨ ਨੂੰ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ