ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਸਿਟ ਨੂੰ ਭੰਗ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਪੂਰੀ ਹੋ ਚੁੱਕੀ ਹੈ ਤੇ ਮੁੱਕਦਮਾ ਚੱਲ ਰਿਹਾ ਹੈ। ਸੁਪਰੀਮ ਕੋਰਟ ਨੇ ਸਿਟ ਜਾਂਚ ਦੀ ਨਿਗਰਾਨੀ ਕਰ ਰਹੇ ਹਾਈਕੋਰਟ ਦੇ ਰਿਟਾਇਰਡ ਜੱਜ ਰਾਕੇਸ਼ ਕੁਮਾਰ ਜੈਨ ਨੂੰ ਵੀ ਨਿਗਰਾਨੀ ਦੇ ਕੰਮ ਤੋਂ ਮੁਕਤ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਤੀ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਵਿਚ 8 ਲੋਕਾਂ ਦੀ ਜਾਨ ਚਲੀ ਗਈ ਸੀ ਜਿਨ੍ਹਾਂ ਵਿਚੋਂ 4 ਕਿਸਾਨ ਸਨ।
ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਵਿਚ ਹੋਈ ਇਸ ਹਿੰਸਾ ਵਿਚ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੁੱਖ ਮੁਲਜ਼ਮ ਹੈ। ਸੋਮਵਾਰ ਨੂੰ ਸੁਣਵਾਈ ਦੌਰਾਨ ਜਸਟਿਸ ਸੂਰਯਕਾਂਤ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਸਿਟ ਨੂੰ ਭੰਗ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਜੇਕਰ ਸਿਟ ਨੂੰ ਫਿਰ ਤੋਂ ਗਠਿਤ ਕਰਨ ਦੀ ਲੋੜ ਮਹਿਸੂਸ ਹੋਵੇਗੀ ਤਾਂ ਇਸ ਸਬੰਧੀ ਸਹੀ ਹੁਕਮ ਪਾਸ ਕਰ ਦਿੱਤਾ ਜਾਵੇਗਾ। ਤਿੰਨ ਆਈਪੀਐੱਸ ਅਧਿਕਾਰੀ ਐੱਸਬੀ ਸ਼ਿਰੋਡਕਰ, ਦੀਪੇਂਦਰ ਸਿੰਘ ਤੇ ਪਦਮਜਾ ਚੌਹਾਨ ਇਸ ਸਿਟ ਦਾ ਹਿੱਸਾ ਸਨ।
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦੇ ਵਿਰੋਧ ਵਿਚ ਲਖੀਮਪੁਰ ਖੀਰੀ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।ਇਸ ਦੌਰਾਨ ਇਕ ਐੱਸਯੂਵੀ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ ਜਿਸ ਵਿਚ 4 ਕਿਸਾਨਾਂ ਦੀ ਮੌਤ ਹੋ ਗਈ ਸੀ।ਇਸ ਦੇ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਐੱਸਯੂਵੀ ਦੇ ਡਰਾਈਵਰ ਤੇ ਭਾਜਪਾ ਦੇ ਦੋ ਵਰਕਰਾਂ ਨੂੰ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ‘ਅਸੀਂ ਕੰਮ ਕਰਦੇ ਹਾਂ, ਇਨ੍ਹਾਂ ਦੀ ਤਰ੍ਹਾਂ ਜੁਮਲੇ ਨਹੀਂ ਸੁਣਾਉਂਦੇ’, CM ਮਾਨ ਦਾ ਭਾਜਪਾ ‘ਤੇ ਨਿਸ਼ਾਨਾ
ਇਸ ਮਾਮਲੇ ਵਿਚ ਆਸ਼ੀਸ਼ ਮਿਸ਼ਰਾ ਸਣੇ ਕੁੱਲ 13 ਮੁਲਜ਼ਮ ਹਨ।ਆਸ਼ੀਸ਼ ਮਿਸ਼ਰਾ ਤੋਂ ਇਲਾਵਾ ਹੋਰ ਮੁਲਜ਼ਮਾਂ ਵਿਚ ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਲਤੀਫ ਕਾਲੇ, ਸਤਿਅਮ ਉਰਫ ਸਤਯ ਪ੍ਰਕਾਸ਼ ਤ੍ਰਿਪਾਠੀ ਸ਼ੇਖਰ ਭਾਰਤੀ, ਸੁਮਿਤ ਜਾਇਸਵਾਲ, ਆਸ਼ੀਸ਼ ਪਾਂਡੇ, ਲਵਕੁਸ਼ ਰਾਨਾ, ਸ਼ਿਸ਼ੂਪਾਲ, ਉਲਾਸ ਕੁਮਾਰ ਉਰਫ ਮੋਹਿਤ ਤ੍ਰਿਵੇਦੀ ਰਿੰਕੂ ਰਾਣਾ ਤੇ ਧਰਮਿੰਦਰ ਬੰਜਾਰਾ ਦਾ ਨਾਂ ਸ਼ਾਮਲ ਹੈ।