ਅੱਜ ਐਤਵਾਰ (25 ਫਰਵਰੀ) ਕਿਸਾਨ ਅੰਦੋਲਨ ਦਾ 13ਵਾਂ ਦਿਨ ਹੈ। ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ। ਉਨ੍ਹਾਂ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਨਹੀਂ ਜਾਣਗੇ।
ਅੱਜ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਸਬੰਧੀ ਕਾਨਫਰੰਸ ਕਰਨਗੇ। ਇਸ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਯੋਜਨਾ ਹੈ। ਮਾਹਿਰ ਇੱਥੇ ਆਉਣਗੇ ਅਤੇ ਡਬਲਯੂ.ਟੀ.ਓ. ਦੇ ਨੁਕਸਾਨਾਂ ਬਾਰੇ ਦੱਸਣਗੇ। ਦੂਜੇ ਪਾਸੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਤੋਂ ਪਾਬੰਦੀ ਹਟਾ ਲਈ ਗਈ ਹੈ। 11 ਫਰਵਰੀ ਨੂੰ ਸਵੇਰੇ 6 ਵਜੇ ਤੋਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਸ਼ੰਭੂ ਅਤੇ ਖਨੌਰੀ ਵਿੱਚ ਲੱਗੇ ਮੋਰਚੇ ਦਾ 13ਵਾਂ ਦਿਨ ਹੈ। ਅੱਜ ਅਸੀਂ ਦੋਵਾਂ ਸਰਹੱਦਾਂ ‘ਤੇ ਕਾਨਫਰੰਸ ਕਰਾਂਗੇ ਕਿਉਂਕਿ WTO ‘ਤੇ ਚਰਚਾ ਹੋਵੇਗੀ। ਇਸ ਬਾਰੇ ਬੁੱਧੀਜੀਵੀਆਂ ਤੇ ਆਮ ਕਿਸਾਨਾਂ ਨਾਲ ਆਪਣੀ ਸਟੇਜ ਤੋਂ ਚਰਚਾ ਹੋਵੇਗੀ। ਅਸੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਖੇਤੀਬਾੜੀ ਸੈਕਟਰ ਨੂੰ ਡਬਲਯੂ.ਟੀ.ਓ. ਤੋਂ ਬਾਹਰ ਕੱਢੇ। ਇਸ ਬਾਰੇ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 26 ਨੂੰ ਬਾਅਦ ਦੁਪਹਿਰ ਦੋਵੇਂ ਸਰਹੱਦਾਂ ‘ਤੇ 20 ਫੁੱਟ ਤੋਂ ਵੀ ਵੱਡੇ ਪੁਤਲੇ ਫੂਕੇ ਜਾਣਗੇ। 27 ਫਰਵਰੀ ਨੂੰ ਕਿਸਾਨ ਮਜ਼ਦੂਰ ਮੋਰਚਾ, SKM (ਗੈਰ-ਸਿਆਸੀ) ਦੇਸ਼ ਭਰ ਦੇ ਆਪਣੇ ਸਾਰੇ ਆਗੂਆਂ ਦੀ ਮੀਟਿੰਗ ਕਰੇਗਾ। 28 ਫਰਵਰੀ ਨੂੰ ਦੋਵੇਂ ਮੰਚ ਬੈਠ ਕੇ ਚਰਚਾ ਕਰਨਗੇ। ਅਗਲਾ ਕਦਮ 29 ਫਰਵਰੀ ਨੂੰ ਤੈਅ ਕੀਤਾ ਜਾਵੇਗਾ। ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕਰ ਰਹੇ ਹਾਂ ਕਿ ਕਿਸਾਨਾਂ ਨਾਲ ਜੋ ਵੀ ਹੋ ਰਿਹਾ ਹੈ, ਉਸ ‘ਤੇ ਬੋਲਣ।”
ਇਹ ਵੀ ਪੜ੍ਹੋ : ਗੁਰਦਾਸਪੁਰ : ਛੁੱਟੀ ‘ਤੇ ਆਏ ਫੌਜੀ ਦੀ ਸੜਕ ਹਾਦਸੇ ‘ਚ ਮੌ.ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਦੱਸ ਦੇਈਏ ਕਿ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਦੇ ਟੀਕਰੀ ਬਾਰਡਰ ਅਤੇ ਸਿੰਘੂ ਬਾਰਡਰ, ਜੋ ਕਿ 11 ਦਿਨਾਂ ਤੋਂ ਬੰਦ ਸਨ, ਨੂੰ ਅਸਥਾਈ ਤੌਰ ‘ਤੇ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਟੀਕਰੀ ਬਾਰਡਰ ‘ਤੇ ਲਗਾਏ ਗਏ ਕੰਟੇਨਰ ਅਤੇ ਪੱਥਰ ਹਟਾਏ ਗਏ। ਹਾਲਾਂਕਿ ਸ਼ੁਰੂਆਤ ‘ਚ ਇਕ ਪਾਸੇ ਵਾਲੀ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਝੜੌਦਾ ਸਰਹੱਦ ‘ਤੇ ਵੀ ਸਾਈਡ ਆਵਾਜਾਈ ਸ਼ੁਰੂ ਹੋ ਗਈ ਹੈ।