ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਐਤਵਾਰ ਨੂੰ ਤੀਜੇ ਗੇੜ ਦੀ ਗੱਲਬਾਤ ਹੋਵੇਗੀ। ਇਸ ਨੂੰ ਲੈ ਕੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਅਸੀਂ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਨੂੰ ਸਿਆਸੀ ਨਜ਼ਰੀਏ ਤੋਂ ਨਾ ਦੇਖਿਆ ਜਾਵੇ ਤਾਂ ਬਿਹਤਰ ਹੈ। ਜੇ ਕਾਂਗਰਸ ਇਸ ਨੂੰ ਸਿਆਸੀ ਨਜ਼ਰੀਏ ਤੋਂ ਦੇਖ ਰਹੀ ਹੈ ਤਾਂ ਉਨ੍ਹਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਅੱਜ ਜਿਹੜੇ ਮੁੱਦਿਆਂ ‘ਤੇ ਸਵਾਲ ਉਠਾਏ ਹਨ, ਉਨ੍ਹਾਂ ‘ਤੇ ਉਨ੍ਹਾਂ ਨੇ ਉਦੋਂ ਫੈਸਲਾ ਕਿਉਂ ਨਹੀਂ ਲਿਆ?
ਕਿਸਾਨਾਂ ਨਾਲ ਮੀਟਿੰਗ ਬਾਰੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ “ਕਿਸਾਨਾਂ ਅਤੇ ਸਰਕਾਰ ਵਿਚਾਲੇ ਇਹ ਤੀਜੀ ਮੀਟਿੰਗ ਸੀ। ਕਈ ਮੁੱਦੇ ਅਤੇ ਵਿਸ਼ੇ ਉਠਾਏ ਗਏ ਸਨ। ਜੇਕਰ ਅਸੀਂ ਗੱਲਬਾਤ ਨੂੰ ਸ਼ਾਂਤੀ ਨਾਲ ਅੱਗੇ ਵਧਾਉਂਦੇ ਹਾਂ, ਤਾਂ ਅਸੀਂ ਯਕੀਨੀ ਤੌਰ ‘ਤੇ ਕਿਸੇ ਨਤੀਜੇ ‘ਤੇ ਪਹੁੰਚਾਂਗੇ।” ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਕੋਈ ਹੱਲ ਕੱਢ ਲਵਾਂਗੇ… ਐਤਵਾਰ ਨੂੰ ਕਿਸਾਨਾਂ ਨਾਲ ਇੱਕ ਹੋਰ ਮੀਟਿੰਗ ਹੋਵੇਗੀ… ਅਸੀਂ ਉਸ ਮੀਟਿੰਗ ਵਿੱਚ ਚੀਜ਼ਾਂ ‘ਤੇ ਚਰਚਾ ਕਰਾਂਗੇ ਅਤੇ ਕੋਈ ਹੱਲ ਕੱਢਾਂਗੇ।
ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ‘ਤੇ ਡੇਰੇ ਲਾਏ ਹੋਏ ਹਨ। ਐਤਵਾਰ ਨੂੰ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੱਕ ਕਿਸਾਨਾਂ ਨੇ ਅੱਗੇ ਨਾ ਵਧਣ ਦਾ ਫੈਸਲਾ ਲਿਆ ਹੈ। ਇਸੇ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ‘ਤੇ ਦਬਾਅ ਬਣਾਉਣ ਲਈ ਪੰਜਾਬ ਦੇ ਸੀਨੀਅਰ ਪਾਰਟੀ ਆਗੂਆਂ ਦੇ ਘਰਾਂ ਦੇ ਬਾਹਰ ਦੋ ਦਿਨਾ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਅਜਨਾਲਾ ‘ਚ ਆਈ ਸ਼ਾਹੀ ਬਾਰਾਤ, ਹਾਥੀਆਂ-ਊਠਾਂ ‘ਤੇ ਲਾੜੀ ਵਿਆਹੁਣ ਆਇਆ ਲਾੜਾ (ਤਸਵੀਰਾਂ)
ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਯੂਨੀਅਨ ਵੱਲੋਂ 17 ਅਤੇ 18 ਫਰਵਰੀ ਨੂੰ ਪੰਜਾਬ ਵਿੱਚ ਭਾਜਪਾ ਦੇ ਤਿੰਨ ਆਗੂਆਂ ਦੇ ਘਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਬੋਹਰ ਸਥਿਤ ਰਿਹਾਇਸ਼ ਅਤੇ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਸਥਿਤ ਰਿਹਾਇਸ਼ ਅੱਗੇ ਧਰਨੇ ਦਿੱਤੇ ਜਾਣਗੇ। ਫਿਲਹਾਲ ਦੋ ਦਿਨ ਧਰਨੇ ਦਿੱਤੇ ਜਾਣਗੇ।