ਕਾਹਲੀ ਅੱਗੇ ਟੋਏ ਇਹ ਕਹਾਵਤ ਤਾਂ ਅਸੀਂ ਅਕਸਰ ਸੁਣੀ ਹੋਈ ਹੈ ਪਰ ਅੱਜ ਇਹ ਕਹਾਵਤ ਸੱਚ ਹੋ ਗਈ।। ਦਰਅਸਲ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ‘ਤੇ ਪਿੰਡ ਭਵਾਨੀਪੁਰ ‘ਚ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਦੀ ਕੰਧ ਤੋੜ ਕੇ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਜਦੋਂ ਚੋਰ ਚੋਰੀ ਕਰਕੇ ਜਾ ਰਹੇ ਸਨ ਤਾਂ ਉਸ ਵੇਲੇ ਕਾਹਲੀ ਵਿੱਚ ਇੱਕ ਚੋਰ ਉਥੇ ਖੁੱਲ੍ਹੇ ਗਟਰ ਵਿੱਚ ਡਿੱਗ ਗਿਆ। ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ, ਜੋਕਿ ਹੁਣ ਵਾਇਰਲ ਹੋ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਕੋਤਵਾਲੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਬੈਂਕ ਅਧਿਕਾਰੀਆਂ ਨੇ ਚੋਰੀ ਹੋਈ ਰਕਮ ਦਾ ਖੁਲਾਸਾ ਨਹੀਂ ਕੀਤਾ ਹੈ। ਦੱਸ ਦੇਈਏ ਕਿ 2022 ਵਿੱਚ ਵੀ ਇਸੇ ਬੈਂਕ ਵਿੱਚ ਲੁੱਟ ਹੋਈ ਸੀ।
ਐਕਸਿਸ ਬੈਂਕ ਪਿੰਡ ਭਵਾਨੀਪੁਰ ਦੇ ਬਰਾਂਚ ਮੈਨੇਜਰ ਮਨੀਸ਼ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਸਵੇਰੇ ਜਦੋਂ ਗਾਰਡ ਉਥੇ ਆਇਆ ਤਾਂ ਉਸ ਨੇ ਫੋਨ ਕਰਕੇ ਦੱਸਿਆ ਕਿ ਬੈਂਕ ਦੇ ਬਾਹਰ ਲੱਗਿਆ ਕੈਮਰਾ ਟੁੱਟਿਆ ਹੋਇਆ ਹੈ ਅਤੇ ਬੈਂਕ ਦੀ ਕੰਧ ਟੁੱਟੀ ਹੋਈ ਹੈ। ਮਨੀਸ਼ ਸ਼ਰਮਾ ਆਪਣੇ ਸਾਥੀ ਬੈਂਕ ਮੁਲਾਜ਼ਮਾਂ ਨਾਲ ਤੁਰੰਤ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਬੈਂਕ ਅੰਦਰ ਸਾਮਾਨ ਖਿਲਰਿਆ ਪਿਆ ਸੀ। ਸਕਿਓਰਿਲੀ ਪੈਨਲ ਤੇ ਸੇਫ ਰੂਮ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ ਅਤੇ ਉਸ ਵਿੱਚ ਪਈ ਨਕਦੀ ਵੀ ਚੋਰੀ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਦਾ ਐਕਸ਼ਨ, ਮਾਲ ਪਟਵਾਰੀ 42,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਕਾਬੂ
ਐਸਐਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਕੈਮਰਿਆਂ ਵਿੱਚ ਅਣਪਛਾਤੇ ਚੋਰਾਂ ਦੇ ਚਿਹਰੇ ਵੀ ਦਿਖਾਈ ਦੇ ਰਹੇ ਹਨ। ਬੈਂਕ ਮੈਨੇਜਰ ਮਨੀਸ਼ ਸ਼ਰਮਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਕਾਰਪੋਰੇਟ ਕਮਿਊਨੀਕੇਸ਼ਨ ਅਫਸਰ ਨੈਸੀ ਪੰਚੋਲੀ ਨੇ ਨੁਕਸਾਨ ਬਾਰੇ ਕੁਝ ਵੀ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਵੇਰਵੇ ਦੇ ਦਿੱਤੇ ਹਨ ਅਤੇ ਪੁਲਸ ਨੇ ਫਿਲਹਾਲ ਕਿਸੇ ਨੂੰ ਵੀ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ –