ਪਟਿਆਲਾ ਦੇ ਥਾਣਾ ਕੋਤਵਾਲੀ ਦੇ ਨਜ਼ਦੀਕ ਇਲਾਕੇ ‘ਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਦਕਿ ਤੀਜੀ ਦੁਕਾਨ ‘ਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਸਬੰਧੀ ਦੁਕਾਨਦਾਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਇਸ ਚੋਰੀ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਲਾ ਚੌਕ ਨੇੜੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਚੋਰੀ ਦੀਆਂ ਇਹ ਘਟਨਾਵਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਹਨ। ਚੋਰ ਕਦੇ ਸਾਈਕਲ ਤੇ ਕਦੇ ਪੈਦਲ ਹੀ ਇਲਾਕੇ ਵਿੱਚ ਆਉਂਦੇ ਹਨ ਅਤੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ ਪੈਸੇ ਅਤੇ ਸਾਮਾਨ ਚੋਰੀ ਕਰ ਲੈਂਦੇ ਹਨ।
ਇਹ ਵੀ ਪੜ੍ਹੋ : ਹੁਣ ਪਟਿਆਲਾ ‘ਚ ਵੀ ਹੋਇਆ ਪੁਲਿਸ ਐਨਕਾਊਂਟਰ, ਕਤ.ਲ ਕੇਸ ‘ਚ ਲੋੜੀਂਦੇ ਗੈਂ.ਗਸ.ਟਰ ਨੂੰ ਲੱਗੀ ਗੋ.ਲੀ
ਇਨ੍ਹਾਂ ਚੋਰਾਂ ਨੇ ਇਲਾਕੇ ਵਿੱਚ ਇੱਕ ਦੁੱਧ ਦੀ ਡੇਅਰੀ, ਇੱਕ ਕਰਿਆਨੇ ਦੀ ਦੁਕਾਨ ਅਤੇ ਇੱਕ ਮਠਿਆਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਉਹ ਪੁਲਿਸ ਤੋਂ ਮੰਗ ਕਰ ਰਹੇ ਹਨ ਕਿ ਇਲਾਕੇ ਵਿੱਚ ਪੁਲਿਸ ਚੌਕਸੀ ਵਧਾਈ ਜਾਵੇ ਤਾਂ ਜੋ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਥਾਣਾ ਕੋਤਵਾਲੀ ਦੇ ਐਸਐਚਓ ਸੁਖਵਿੰਦਰ ਗਿੱਲ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਲਈ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।