ਇਟਲੀ ਭੇਜਣ ਦਾ ਝਾਂਸਾ ਦੇ ਕੇ ਜਲੰਧਰ ਦੇ ਟ੍ਰੈਵਲ ਏਜੰਟ ਨੇ ਲੱਖਾਂ ਦੀ ਠੱਗੀ ਕਰ ਨੌਜਵਾਨ ਨੂੰ ਲੀਬੀਆ ਭੇਜ ਦਿੱਤਾ ਤੇ ਇੱਕ ਮਾਫੀਆ ਨੂੰ ਸੌਂਪ ਦਿੱਤਾ। ਨੌਜਵਾਨ ਸਮਾਜ ਸੇਵੀ ਦੀ ਮਦਦ ਨਾਲ ਵਾਪਸ ਆਇਆ ਤਾਂ ਉਸ ਨੇ ਆਪਣੀ ਹੱਡਬੀਤੀ ਦੱਸੀ। ਭਾਰਤ ਪਰਤੇ ਗੁਰਪ੍ਰੀਤ ਨੇ ਦੱਸਿਆ ਕਿ ਉਥੇ ਕਰੀਬ 17 ਹੋਰ ਭਾਰਤੀ ਫਸੇ ਹੋਏ ਹਨ। ਭਾਰਤ ਸਰਕਾਰ ਅਤੇ ਸਮਾਜ ਸੇਵੀ ਵਿਕਰਮ ਸਾਹਨੀ ਦੇ ਯਤਨਾਂ ਤੋਂ ਬਾਅਦ ਇਨ੍ਹਾਂ ਨੂੰ ਕੱਢਿਆ ਗਿਆ ਹੈ।
ਭੋਗਪੁਰ ਦੇ ਪਿੰਡ ਭਟਨੂਰਾ ਵਾਸੀ ਗੁਰਪ੍ਰੀਤ ਸਿੰਘ ਨੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੂੰ ਸ਼ਿਕਾਇਤ ਦੇ ਕੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਗੁਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਕਰੀਬ ਪੰਜ ਮਹੀਨੇ ਲੀਬੀਆ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ।
ਪੀੜਤ ਪਰਿਵਾਰ ਨੇ ਥਾਣਾ ਭੋਗਪੁਰ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਉਹ 24 ਜਨਵਰੀ ਨੂੰ ਭੋਗਪੁਰ ਦੇ ਇੱਕ ਟਰੈਵਲ ਏਜੰਟ ਦੇ ਝਾਂਸੇ ਵਿੱਚ ਆ ਕੇ ਵਿਦੇਸ਼ ਚਲਾ ਗਿਆ ਸੀ। ਉਸ ਨੂੰ ਇਟਲੀ ਭੇਜਿਆ ਜਾਣਾ ਸੀ। ਪਰ ਦੋਸ਼ੀ ਉਸ ਨੂੰ ਫਸਾ ਕੇ ਲੀਬੀਆ ਲੈ ਗਏ। ਪੀੜਤ ਮੁਤਾਬਕ ਦੋਸ਼ੀ ਨੇ ਪਹਿਲਾਂ ਉਸ ਨੂੰ ਦੁਬਈ ਅਤੇ ਉਥੋਂ ਲੀਬੀਆ ਭੇਜਿਆ। ਲੀਬੀਆ ਦੇ ਏਜੰਟ ਨੇ ਉਸ ਨੂੰ ਮਾਫੀਆ ਦੇ ਹਵਾਲੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦਾ ਇੱਕ ਹੋਰ ਜਵਾਨ ਰਾਜੌਰੀ ‘ਚ ਸ਼ਹੀਦ, ਪਿੰਡ ਭਸੌੜ ‘ਚ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਮਾਫੀਆ ਨੇ ਉਸ ਨੂੰ ਪੰਜ ਮਹੀਨਿਆਂ ਤੱਕ ਤੰਗ-ਪ੍ਰੇਸ਼ਾਨ ਕੀਤਾ ਅਤੇ ਕਈ ਵਾਰ ਕੁੱਟਿਆ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਅਤੇ ਪੈਸੇ ਦੀ ਮੰਗ ਕੀਤੀ। ਪੀੜਤ ਨੇ ਦੱਸਿਆ ਕਿ ਘਰੋਂ ਕਰੀਬ 8 ਲੱਖ ਰੁਪਏ ਮਾਫੀਆ ਨੂੰ ਦਿੱਤੇ ਗਏ। ਪਰ ਦੋਸ਼ੀ ਫਿਰ ਵੀ ਕੁੱਟਮਾਰ ਅਤੇ ਧਮਕੀਆਂ ਦਿੰਦੇ ਸਨ। ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਮਾਫੀਆ ਤੋਂ ਆਪਣੀ ਜਾਨ ਬਚਾਈ ਪਰ ਲੀਬੀਆ ਪੁਲਿਸ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਦੋ ਮਹੀਨੇ ਜੇਲ੍ਹ ਕੱਟਣੀ ਪਈ। ਉਹ 17 ਹੋਰ ਭਾਰਤੀਆਂ ਦੇ ਨਾਲ ਹਰ ਰੋਜ਼ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਪੁਲਿਸ ਦੋਸ਼ੀ ਟਰੈਵਲ ਏਜੰਟ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: