ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਲੋਹੜੀ ਤੋਂ ਪਹਿਲਾਂ ਆਈ ਅਮਰੀਕੀ ਨਾਗਰਿਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਭਾਰਤ ਆਈ ਮ੍ਰਿਤਕਾ ਦੀ ਮਾਂ ਨੇ ਸਹੁਰਿਆਂ ‘ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਡੀਐਸਪੀ ਬੱਬਨਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸਲ ਤੱਥ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਉਣਗੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਪਹੁੰਚ ਕੇ US ਸਿਟੀਜ਼ਨ ਔਰਤ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਇੱਕ ਵੀਡੀਓ ਬਣਾ ਕੇ ਪੋਸਟ ਕੀਤੀ ਸੀ।
ਜਾਣਕਾਰੀ ਮੁਤਾਬਕ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕ ਔਰਤ ਦੀ ਮਾਤਾ ਨਿਰਮਲ ਕੌਰ ਪਤਨੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੋਖੇਵਾਲ ਥਾਣਾ ਬਿਲਗਾ ਜ਼ਿਲਾ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਹੁਣ ਯੂਕੇ ਵਿਚ ਰਹਿੰਦੀ ਹੈ। ਉਸ ਦੀ ਲੜਕੀ ਰਾਜਦੀਪ ਕੌਰ ਦਾ ਵਿਆਹ 9 ਸਾਲ ਪਹਿਲਾਂ ਪਿੰਡ ਨਾਨੋ ਮੱਲੀਆਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨਾਲ ਹੋਇਆ ਸੀ। ਉਸ ਦੀ ਧੀ ਅਤੇ ਜਵਾਈ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਦੋਵਾਂ ਦਾ ਇੱਕ 5 ਸਾਲ ਦਾ ਬੱਚਾ ਹੈ, ਜੋ ਅਮਰੀਕਾ ਵਿੱਚ ਉਨ੍ਹਾਂ ਦੇ ਨਾਲ ਰਹਿੰਦਾ ਹੈ।
ਨਿਰਮਲ ਕੌਰ ਦੀ ਸ਼ਿਕਾਇਤ ਮੁਤਾਬਕ 19 ਜਨਵਰੀ ਨੂੰ ਉਸ ਨੂੰ ਉਸ ਦੇ ਜਵਾਈ ਮਨਜਿੰਦਰ ਸਿੰਘ ਦਾ ਫੋਨ ਆਇਆ ਕਿ ਰਾਜਦੀਪ ਕੌਰ ਗੱਲ ਨਹੀਂ ਕਰ ਰਹੀ। ਇਸ ਲਈ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਹਨ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਰਾਜਦੀਪ ਕੌਰ 12 ਜਨਵਰੀ ਨੂੰ ਆਪਣੇ ਸਹੁਰੇ ਪਰਿਵਾਰ ਵਿਖੇ ਵਿਆਹ ਸਮਾਗਮ ਲਈ ਆਪਣੇ ਪੰਜ ਸਾਲਾ ਬੱਚੇ ਨਾਲ ਭਾਰਤ ਆਈ ਸੀ।
ਉਸ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਮਿਲੀਭੁਗਤ ਨਾਲ ਉਸ ਨੂੰ ਅਮਰੀਕਾ ਤੋਂ ਭਾਰਤ ਬੁਲਾਇਆ ਸੀ। ਜਦੋਂ ਕਿ ਭਾਰਤ ਵਿੱਚ ਸਹੁਰੇ ਪਰਿਵਾਰ ਵਿੱਚ ਕੋਈ ਨਹੀਂ ਸੀ, ਸਗੋਂ ਉਸ ਦੇ ਜਵਾਈ, ਸੱਸ ਅਤੇ ਸਹੁਰੇ ਨੇ ਮਿਲ ਕੇ ਪਲਾਨਿੰਗ ਕਰਕੇ ਉਸ ਨੂੰ ਭਾਰਤ ਬੁਲਾ ਲਿਆ ਅਤੇ ਉਸ ਦੀ ਧੀ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਕਿਸੇ ਹਸਪਤਾਲ ਵਿਚ ਦਾਖ਼ਲ ਵੀ ਨਹੀਂ ਕਰਵਾਇਆ। ਜਦੋਂ ਉਸ ਨੇ ਆਪਣੀ ਧੀ ਰਾਜਦੀਪ ਦੀ ਮੌਤ ਬਾਰੇ ਪੁੱਛਿਆ ਤਾਂ ਉਸ ਦੇ ਸਹੁਰੇ ਮੌਤ ਬਾਰੇ ਵੱਖ-ਵੱਖ ਗੱਲਾਂ ਕਰ ਰਹੇ ਸਨ। ਜਿਸ ਕਾਰਨ ਉਨ੍ਹਾਂ ਨੂੰ ਗੱਲਾਂ ‘ਤੇ ਸ਼ੱਕ ਹੋਣ ਲੱਗਾ।
ਨਿਰਮਲ ਕੌਰ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਰਾਜਦੀਪ ਕੌਰ ਦੀ ਮੌਤ ਮਿਲੀਭੁਗਤ ਨਾਲ ਹੋਈ ਹੈ। ਇਨ੍ਹਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਉਨ੍ਹਾਂ ਦੀ ਧੀ ਦਾ ਪੋਸਟਮਾਰਟਮ ਕਰਵਾਇਆ, ਜਿਸ ਨਾਲ ਉਹ ਬਿਲਕੁਲ ਸਿਹਮਤ ਨਹੀਂ ਹੈ। ਨਿਰਮਲ ਕੌਰ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਲੜਕੀ ਦਾ ਬੱਚਾ, ਦਸਤਾਵੇਜ਼ ਅਤੇ ਉਸ ਦਾ ਫੋਨ ਵਾਪਸ ਦਿੱਤਾ ਜਾਵੇ। ਹੁਣ ਜਦੋਂ ਕਿ ਪੋਸਟਮਾਰਟਮ ਹੋ ਗਿਆ ਹੈ ਤਾਂ ਰਾਜਦੀਪ ਕੌਰ ਦੀ ਲਾਸ਼ ਸਹੁਰੇ ਪਰਿਵਾਰ ਨੂੰ ਨਾ ਦਿੱਤੀ ਜਾਵੇ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਥਾਣਾ ਮੋਠਾਂਵਾਲ ਦੇ ਇੰਚਾਰਜ ਏਐਸਆਈ ਦਵਿੰਦਰ ਪਾਲ ਅਨੁਸਾਰ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 30 ਸਾਲਾ ਰਾਜਦੀਪ ਕੌਰ 12 ਜਨਵਰੀ ਦੀ ਰਾਤ ਨੂੰ ਆਪਣੇ ਮੁੰਡੇ ਨਾਲ ਆਪਣੇ ਸਹੁਰੇ ਪਰਿਵਾਰ ਪਿੰਡ ਨਾਨੋ ਮੱਲੀਆਂ ਵਿਖੇ ਆਈ ਸੀ, ਜਿਥੇ ਉਸ ਦੇ ਸੱਸ-ਸਹੁਰਾ ਰਹਿੰਦੇ ਹਨ।ਸਹੁਰੇ ਵਾਲਿਆਂ ਮੁਤਾਬਕ 19 ਜਨਵਰੀ ਦੀ ਰਾਤ ਨੂੰ ਰਾਜਦੀਪ ਕੌਰ ਤੇ ਉਹ ਵੱਖ-ਵੱਖ ਕਮਰਿਆਂ ਵਿੱਚ ਸੁੱਤੇ ਸਨ। ਅਗਲੇ ਦਿਨ ਸਵੇਰੇ ਚਾਰ ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਜਾਣ ਲੱਗਾ ਤਾਂ ਉਸ ਨੇ ਰਾਜਦੀਪ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਜਦੋਂ ਉਨ੍ਹਾਂ ਨੇ ਕਮਰੇ ਵਿੱਚ ਜਾ ਕੇ ਉਸ ਨੂੰ ਹਿਲਾਇਆ ਤਾਂ ਉਸ ਨੇ ਕੋਈ ਹਿਲਜੁਲ ਨਹੀਂ ਕੀਤੀ। ਏਐਸਆਈ ਦਵਿੰਦਰ ਪਾਲ ਅਨੁਸਾਰ ਰਾਜਦੀਪ ਕੌਰ ਅਮਰੀਕਾ ਦੀ ਨਾਗਰਿਕ ਹੈ ਅਤੇ ਉਸ ਦਾ ਪਤੀ ਅਮਰੀਕਾ ਵਿੱਚ ਆਰਜ਼ੀ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਤਿੰਨ ਡਾਕਟਰਾਂ ਡਾ. ਪੁਨੀਤ ਕੌਰ, ਡਾ. ਜਸਪ੍ਰੀਤ ਸਿੰਘ ਅਤੇ ਡਾ. ਅਸ਼ੀਸ਼ ਸਰੋਜ ਦੇ ਬੋਰਡ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ ਹੈ। ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਵਾਲਿਆਂ ਨੂੰ ਚੌਂਕੀ ਬੁਲਾਇਆ ਗਿਆ, ਜਿੱਥੇ ਲਾਸ਼ ਨੂੰ ਸੌਂਪਣ ਸਬੰਧੀ ਗੱਲਬਾਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਲਾਗਰ ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ, ਟ੍ਰੈਵਲ ਏਜੰਟ ਔਰਤ ਨੇ ਕਰਾਇਆ ਸੀ ਪਰਚਾ
ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ, ਐਸਐਮਓ ਤੋਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੇ ਸ਼ੰਕੇ ਦੂਰ ਹੋਣਗੇ। ਮ੍ਰਿਤਕਾ ਦੀ ਮਾਂ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ। ਰਾਜਦੀਪ ਕੌਰ ਦੀ ਅਮਰੀਕਾ ਵਿੱਚ ਕਰੋੜਾਂ ਦੀ ਬੀਮਾ ਪਾਲਿਸੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਪਤਾ ਲੱਗਾ ਹੈ। ਉਹ ਇਸ ਐਂਗਲ ਤੋਂ ਵੀ ਜਾਂਚ ਕਰਨਗੇ।
ਵੀਡੀਓ ਲਈ ਕਲਿੱਕ ਕਰੋ –