ਹੁਸ਼ਿਆਰਪੁਰ ‘ਚ ਸ਼ੁੱਕਰਵਾਰ ਦੇਰ ਰਾਤ ਸੜਕ ਹਾਦਸੇ ‘ਚ 5 ਨੌਜਵਾਨਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਇਹ ਸਾਰੇ ਲੋਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਜਲੰਧਰ-ਪਠਾਨਕੋਟ ਹਾਈਵੇ ‘ਤੇ ਦਸੂਹਾ ਨੇੜੇ ਉਨ੍ਹਾਂ ਦੀ ਕਾਰ ਨੂੰ ਇਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਹਾਦਸੇ ਤੋਂ ਠੀਕ 20 ਮਿੰਟ ਪਹਿਲਾਂ ਇਕ ਨੌਜਵਾਨ ਨੇ ਇਕ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਉਹ ਜਲੰਧਰ-ਪਠਾਨਕੋਟ ਹਾਈਵੇ ‘ਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਕਾਰ ਕਰੀਬ 130 ਕਿਲੋਮੀਟਰ ਦੀ ਰਫਤਾਰ ਨਾਲ ਦੌੜ ਰਹੀ ਹੈ। ਵੀਡੀਓ ‘ਚ ਗਾਇਕ ਕਰਨ ਔਜਲਾ ਦਾ ਪੰਜਾਬੀ ਗੀਤ ‘ਟੇਕ ਇਟ ਈਜ਼ੀ’ ਉੱਚੀ ਆਵਾਜ਼ ‘ਚ ਚੱਲ ਰਿਹਾ ਹੈ। ਇਹ ਪੰਜੇ ਪੰਜਾਬੀ ਗੀਤਾਂ ‘ਤੇ ਝੂਮਦੇ ਨਜ਼ਰ ਆ ਰਹੇ ਹਨ।
ਇਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਕਾਰ ‘ਚ ਧਮਾਕਾ ਹੋਇਆ ਅਤੇ ਫਿਰ ਉਸ ‘ਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਟਰੱਕ ਵੀ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਪਲਟ ਗਿਆ। ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਲੋਕਾਂ ਨੇ ਉਸ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਸਰੀਰ ਦੇ ਕਈ ਅੰਗ ਖਿੱਲਰੇ ਹੋਏ ਮਿਲੇ।
ਇਹ ਸਾਰੇ ਜਲੰਧਰ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀ ਪਛਾਣ ਮਿਸ਼ਨ ਕੰਪਲੈਕਸ ਦੇ ਰਹਿਣ ਵਾਲੇ ਰਿਸ਼ਭ ਮਿਨਹਾਸ, ਆਜ਼ਾਦ ਨਗਰ ਭਾਰਗਵ ਕੈਂਪ ਨਿਵਾਸੀ ਇੰਦਰਜੀਤ ਕੌਂਡਲ, ਅਵਤਾਰ ਨਗਰ ਨਿਵਾਸੀ ਰਾਜੂ, ਅਭੀ ਨਿਵਾਸੀ ਭਾਰਗਵ ਕੈਂਪ ਅਤੇ ਅੰਕਿਤ ਕੁਮਾਰ (ਸਾਫਟਵੇਅਰ ਇੰਜੀਨੀਅਰ) ਵਾਸੀ ਘਾਹ ਮੰਡੀ ਵਜੋਂ ਹੋਈ ਹੈ। ਇਹ ਸਾਰੇ ਇੱਕ ਕਾਰ ਵਿੱਚ ਪਠਾਨਕੋਟ ਤੋਂ ਆਪਣੇ ਘਰ ਪਰਤ ਰਹੇ ਸਨ। ਇਹ ਪੰਜੇ ਆਰਐਸਐਸ ਨਾਲ ਜੁੜੇ ਹੋਏ ਸਨ। ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਅਤੇ ਨੁਕਸਾਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਟਰੱਕ ਚਾਲਕ ਸੁਸ਼ੀਲ ਕੁਮਾਰ ਵਾਸੀ ਕਰਨਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਅਭੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸਦੀ ਇੱਕ ਭੈਣ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਭੀ ਦਾ ਝੁਕਾਅ ਸ਼ੁਰੂ ਤੋਂ ਹੀ ਆਰਐਸਐਸ ਵੱਲ ਸੀ ਅਤੇ ਉਹ ਅਕਸਰ ਬ੍ਰਾਂਚ ਵਿੱਚ ਜਾਂਦਾ ਰਹਿੰਦਾ ਸੀ। ਫਿਲਹਾਲ ਹੋਟਲ ਮੈਨੇਜਮੈਂਟ ਕਰ ਰਿਹਾ ਸੀ, ਜਿਸ ਕਾਰ ‘ਚ ਹਾਦਸਾ ਹੋਇਆ, ਉਹ ਰਿਸ਼ਭ ਦੀ ਸੀ।
ਰਿਸ਼ਭ ਆਪਣੇ ਪਿਤਾ ਨਾਲ ਇੱਕ ਬੀਜ ਕੰਪਨੀ ਵਿੱਚ ਕੰਮ ਕਰਦਾ ਸੀ। ਰਿਸ਼ਭ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਰਿਸ਼ਭ ਦਾ ਬੀਤੀ ਸ਼ਾਮ ਸਵਾ ਛੇ ਵਜੇ ਦੇ ਕਰੀਬ ਸਸਕਾਰ ਕਰ ਦਿੱਤਾ ਗਿਆ। ਰਾਜੂ ਵੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਦਿਲਕੁਸ਼ਾ ਮਾਰਕੀਟ ਵਿੱਚ ਕੰਮ ਕਰਦਾ ਸੀ। ਇਸੇ ਤਰ੍ਹਾਂ ਇੰਦਰਜੀਤ ਦੇ 6 ਭੈਣ-ਭਰਾ ਹਨ, ਜੋ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਇਸ ਦੇ ਨਾਲ ਹੀ ਅੰਕਿਤ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ। ਹਰ ਕਿਸੇ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਹ ਵੀ ਪੜ੍ਹੋ : ਸਿੰਗਰ ਰਾਹਤ ਫਤਿਹ ਅਲੀ ਖਾਨ ਘਿਰੇ ਵਿਵਾਦਾਂ ‘ਚ, ਨੌਕਰ ਨਾਲ ਕੁੱਟਮਾਰ ਦੇ ਦੋਸ਼! ਵੀਡੀਓ ਹੋ ਰਹੀ ਵਾਇਰਲ
ਥਾਣਾ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਹਾਦਸੇ ਵਿੱਚ ਨੁਕਸਾਨੀ ਗਈ ਕਾਰ ਜਲੰਧਰ ਨੰਬਰ ਦੀ ਸੀ। ਕਾਰ ਦੇ ਵੇਰਵਿਆਂ ਦੇ ਆਧਾਰ ‘ਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਜ ਮਾਮਲਾ ਦਰਜ ਕੀਤਾ ਜਾਵੇਗਾ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –