ਪਲਾਟ ਘਪਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ 12 ਦਿਨਾਂ ਤੱਕ ਰੂਪੋਸ਼ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭਾਲ ਵਿੱਚ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ-7 ਵਿੱਚ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਨਿਰਮਾਣ ਅਧੀਨ ਘਰ ਵਿੱਚ ਛਾਪਾ ਮਾਰਿਆ।
ਵਿਜੀਲੈਂਸ ਚੰਡੀਗੜ੍ਹ ਦੇ ਸੈਕਟਰ 7 ਸਥਿਤ ਮਨਪ੍ਰੀਤ ਬਾਦਲ ਦੇ ਸਾਲੇ ਦੇ ਘਰ ਨੰਬਰ 1607 ‘ਤੇ ਵਿਜੀਲੈਂਸ ਨੇ ਛਾਪਾ ਮਾਰਿਆ , ਹਾਲਾਂਕਿ ਵਿਜੀਲੈਂਸ ਦੀ ਟੀਮ ਘਰ ਅੰਦਰ ਨਹੀਂ ਜਾ ਸਕੀ ਕਿਉਂਕਿ ਜਦੋਂ ਤੱਕ ਟੀਮ ਉੱਥੇ ਪਹੁੰਚੀ ਉਦੋਂ ਤੱਕ ਸ਼ਾਮ ਹੋ ਚੁੱਕੀ ਸੀ। ਦੂਸਰਾ, ਵਿਜੀਲੈਂਸ ਨੇ ਘਰ ਦਾ ਸਰਚ ਵਾਰੰਟ ਨਹੀਂ ਸੀ ਲਗਾਇਆ। ਮੌਕੇ ‘ਤੇ ਮਕਾਨ ਮਾਲਕ ਦਾ ਵਕੀਲ ਵੀ ਮੌਜੂਦ ਸੀ, ਜਿਸ ਕਰਕੇ ਉਨ੍ਹਾਂ ਨੂੰ ਐਂਟਰੀ ਨਹੀਂ ਮਿਲੀ। ਮੌਕੇ ’ਤੇ ਪੁੱਜੇ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਖਰਾਬ ਹੋਣ ਕਰਕੇ ਸਮੱਸਿਆ ਪੈਦਾ ਹੋਈ ਹੈ। ਉਹ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਨਗੇ, ਟੀਮਾਂ ਮਾਮਲੇ ਦੀ ਜਾਂਚ ਵਿੱਚ ਰੁੱਝੀਆਂ ਹੋਈਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਦੋਸ਼ੀ ਜਲਦ ਹੀ ਫੜੇ ਜਾਣਗੇ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਪਿਛਲੇ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਿਹਾ ਸੀ ਪਰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਮਨਪ੍ਰੀਤ ਬਾਦਲ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ 3 ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹਨ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਐਤਵਾਰ ਨੂੰ ਬਠਿੰਡਾ ਦੇ ਵਿਜੀਲੈਂਸ ਬਿਊਰੋ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦੀ ਜਾਂਚ ਰਿਪੋਰਟ ਮੁਤਾਬਕ ਮਨਪ੍ਰੀਤ ਬਾਦਲ ਨੇ 2018 ਤੋਂ ਜਦੋਂ ਉਹ ਵਿੱਤ ਮੰਤਰੀ ਸਨ, ਉਦੋਂ ਤੋਂ ਬਠਿੰਡਾ ਦੇ ਮਾਡਲ ਟਾਊਨ ਵਿੱਚ 2 ਪਲਾਟ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਪੁੱਡਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ਪਲਾਟਾਂ ਦੀ ਜਾਅਲੀ ਬੋਲੀ ਕਰਵਾਈ ਗਈ। ਬੋਲੀ ਦੌਰਾਨ ਉਨ੍ਹਾਂ ਦੇ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਸਨ, ਜਿਸ ਕਾਰਨ ਕਿਸੇ ਨੂੰ ਟਿਕਾਣੇ ਦਾ ਪਤਾ ਨਹੀਂ ਲੱਗ ਸਕਦਾ ਸੀ, ਜਦੋਂ ਕਿ ਰਿਹਾਇਸ਼ੀ ਪਲਾਟ ਕਮਰਸ਼ੀਅਲ ਦਿਖਾਇਆ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕਿਸੇ ਨੇ ਨਹੀਂ ਖਰੀਦਿਆ।
ਇਹ ਵੀ ਪੜ੍ਹੋ : ਰਾਜਪਾਲ ਨੇ CM ਮਾਨ ਨੂੰ ਲਿਖੀ ਇੱਕ ਹੋਰ ਚਿੱਠੀ, ਹੁਣ ਇਸ ਮਾਮਲੇ ‘ਚ ਮੰਗੀ ਰਿਪੋਰਟ
ਇਸ ਤੋਂ ਬਾਅਦ ਦੁਬਾਰਾ ਬੋਲੀ ਲਗਾਈ ਗਈ, ਜਿਸ ਵਿੱਚ ਮਨਪ੍ਰੀਤ ਦੇ ਕਰੀਬੀ ਵਿਕਾਸ ਅਰੋੜਾ ਅਤੇ ਰਾਜੀਵ ਕੁਮਾਰ ਨੇ ਇਹ ਪਲਾਟ ਖਰੀਦਿਆ ਸੀ। ਸਸਤੇ ਭਾਅ ‘ਤੇ ਪਲਾਟ ਖਰੀਦਣ ਤੋਂ ਬਾਅਦ ਦੋਵਾਂ ਨੇ ਮਨਪ੍ਰੀਤ ਬਾਦਲ ਨੂੰ ਪਲਾਟ ਵੇਚ ਦਿੱਤਾ। ਦੋ ਪਲਾਟ ਸਸਤੇ ਭਾਅ ਵਿਕਣ ਕਾਰਨ ਸਰਕਾਰ ਨੂੰ 68 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਪੂਰੀ ਵਿਉਂਤਬੰਦੀ ਤਹਿਤ ਮਨਪ੍ਰੀਤ ਬਾਦਲ ਨੂੰ ਇਹ ਪਲਾਟ ਅਲਾਟ ਕਰਵਾਉਣ ਲਈ ਪੂਰੀ ਸਾਜ਼ਿਸ਼ ਰਚੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: