ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਬੁੱਧਵਾਰ ਸਵੇਰੇ ਵਿਜੀਲੈਂਸ ਟੀਮ ਨੇ ਪਟਿਆਲਾ ਦੇ ਤਵਾਕਲੀ ਮੋਡ ਸਥਿਤ ਉਸ ਦੀ ਕੋਠੀ ‘ਤੇ ਛਾਪਾ ਮਾਰਿਆ ਪਰ ਕਰੀਬ ਅੱਧਾ ਘੰਟਾ ਘੰਟੀ ਵਜਾਉਣ ਦੇ ਬਾਵਜੂਦ ਕਿਸੇ ਨੇ ਗੇਟ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਵਿਜੀਲੈਂਸ ਟੀਮ ਖਾਲੀ ਹੱਥ ਪਰਤ ਗਈ।
ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਚਾਹਲ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਇਸ ਸੱਤ ਮੈਂਬਰੀ ਟੀਮ ਵਿੱਚ ਦੋ ਮਹਿਲਾ ਅਧਿਕਾਰੀ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ 2023 ਵਿੱਚ ਭਰਤ ਇੰਦਰ ਸਿੰਘ ਚਾਹਲ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ।
ਮਾਰਚ 2017 ਤੋਂ ਸਤੰਬਰ 2021 ਤੱਕ ਚਾਹਲ ਦਾ ਖਰਚ ਆਮਦਨ ਤੋਂ ਵੱਧ ਸੀ। ਪਰਿਵਾਰ ਦੀ ਕੁੱਲ ਆਮਦਨ 7 ਕਰੋੜ 85 ਲੱਖ 16 ਹਜ਼ਾਰ 905 ਰੁਪਏ ਸੀ, ਜਦਕਿ ਖਰਚਾ 31 ਕਰੋੜ 79 ਲੱਖ 89 ਹਜ਼ਾਰ 11 ਰੁਪਏ ਸੀ। ਇਹ ਖਰਚਾ ਚਾਹਲ ਦੀ ਆਮਦਨ ਦੇ ਸਰੋਤਾਂ ਨਾਲੋਂ ਕਰੀਬ 305 ਫੀਸਦੀ ਵੱਧ ਸੀ। ਵਿਜੀਲੈਂਸ ਨੇ ਚਾਹਲ ਦੀਆਂ ਜਾਇਦਾਦਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਹੈ। ਵਿਜੀਲੈਂਸ ਨੇ ਸਰਹਿੰਦ ਰੋਡ ‘ਤੇ ਸਥਿਤ ਦਸਮੇਸ਼ ਲਗਜ਼ਰੀ ਵੈਡਿੰਗ ਰਿਜ਼ੋਰਟ (ਅਲਕਾਜ਼ਾਰ) ਦੀ ਜਾਂਚ ਕੀਤੀ, ਜਿਸ ‘ਚ ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ‘ਤੇ 2595 ਗਜ਼ ‘ਚ ਬਣੀ ਪੰਜ ਮੰਜ਼ਿਲਾ ਕਮਰਸ਼ੀਅਲ ਇਮਾਰਤ ਅਤੇ ਪਿੰਡ ਕਲਿਆਣ ‘ਚ 72 ਕਨਾਲ 14 ਮਰਲੇ ਜ਼ਮੀਨ ਹੈ।
ਇਹ ਵੀ ਪੜ੍ਹੋ : ਲੁਧਿਆਣਾ : 72 ਲੱਖ ਦੀ ਹੈਰੋਇਨ ਸਣੇ 2 ਕਾਬੂ, ਆਪਣੇ ਨਸ਼ੇ ਦੀ ਪੂਰਤੀ ਲਈ ਬਣ ਗਏ ਤਸਕਰ
ਵਿਜੀਲੈਂਸ ਟੀਮ ਨੇ ਇਨ੍ਹਾਂ ਜਾਇਦਾਦਾਂ ਨੂੰ ਵੀ ਮਾਪਿਆ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਭਰਤਇੰਦਰ ਸਿੰਘ ਚਾਹਲ ਵੀ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਚਾਹਲ 1990 ਦੇ ਦਹਾਕੇ ਵਿੱਚ ਜਨ ਸੰਪਰਕ ਅਧਿਕਾਰੀ ਸਨ ਅਤੇ ਬਾਅਦ ਵਿੱਚ ਕੈਪਟਨ ਦੇ ਕਰੀਬੀ ਬਣ ਗਏ। 2002 ਵਿੱਚ ਅਮਰਿੰਦਰ ਸਿੰਘ ਨੇ ਚਾਹਲ ਨੂੰ ਆਪਣਾ ਮੀਡੀਆ ਸਲਾਹਕਾਰ ਬਣਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: