ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੇਸ਼ੱਕ ਪਲਾਟ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈਣ ਵਿੱਚ ਸਫਲ ਰਹੇ ਹਨ ਪਰ ਵਿਜੀਲੈਂਸ ਅਜੇ ਵੀ ਉਨ੍ਹਾਂ ਦਾ ਪਿੱਛਾ ਛੱਡਦੀ ਨਜ਼ਰ ਨਹੀਂ ਆ ਰਹੀ। ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਇੱਕ ਹੋਰ ਸੰਮਨ ਜਾਰੀ ਕਰਕੇ ਆਉਣ ਵਾਲੇ ਸੋਮਵਾਰ ਯਾਨੀ 23 ਅਕਤੂਬਰ ਨੂੰ ਸਵੇਰੇ 10.30 ਵਜੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ।
ਇਸ ਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਇਸ ਮਾਮਲੇ ਵਿੱਚ ਕਈ ਅਹਿਮ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਬਾਰੇ ਮਨਪ੍ਰੀਤ ਬਾਦਲ ਤੋਂ ਪੁੱਛਗਿੱਛ ਕਰਨੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਉਨ੍ਹਾਂ ਦਾ ਪਾਸਪੋਰਟ ਵੀ ਜਮ੍ਹਾ ਕਰਵਾਉਣਾ ਹੋਵੇਗਾ।
ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਸੋਮਵਾਰ ਨੂੰ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਦੀ ਪਿੱਠ ‘ਚ ਕਾਫੀ ਦਰਦ ਹੈ, ਜਿਸ ਕਾਰਨ ਪੇਸ਼ੀ ਤੋਂ ਛੋਟ ਮੰਗੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ 24 ਸਤੰਬਰ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਨੇ ਮਨਪ੍ਰੀਤ ਬਾਦਲ ਸਮੇਤ ਅੱਧੀ ਦਰਜਨ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਉਥੇ ਹੀ ਬਠਿੰਡਾ ਵਿੱਚ ਪਲਾਟ ਖਰੀਦ ਕੇ ਪੰਜਾਬ ਸਰਕਾਰ ਨੂੰ ਕਰੀਬ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ ਪੀ.ਸੀ.ਐਸ ਅਧਿਕਾਰੀ ਅਤੇ ਬੀ.ਡੀ.ਏ. ਦੇ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿਲ ਅਤੇ ਤਤਕਾਲੀ ਸੁਪਰਿਟੈਂਡੈਂਟ ਤੇ ਮੌਜੂਦਾ ਐਸਟੇਟ ਆਫੀਸਰ ਲੁਧਿਆਣਾ ਪੰਕਜ ਕਾਲੀਆ ਦੀ ਜ਼ਮਾਨਤ ਅਰਜ਼ੀ ‘ਤੇ ਸ਼ਨੀਵਾਰ ਨੂੰ ਬਠਿੰਡਾ ਦੀ ਸੈਸ਼ਨ ਜੱਜ ਦੀ ਅਦਾਲਤ ਨੇ ਦੁਬਾਰਾ ਤੋਂ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ ਵਿੱਚ ਅਗਲੀ ਤਰੀਕ 23 ਅਕਤੂਬਰ ਤੈਅ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਅਦਾਲਤ ਨੇ ਕਿਹਾ ਕਿ ਉਕਤ ਵਿਅਕਤੀਆਂ ਨੂੰ ਜ਼ਮਾਨਤ ਦੇਣ ਜਾਂ ਨਾ ਦੇਣ ਬਾਰੇ ਫੈਸਲਾ 23 ਅਕਤੂਬਰ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਦਾਲਤ ਨੇ ਚੌਥੀ ਵਾਰ ਪੀਸੀਐਸ ਅਧਿਕਾਰੀ ਸ਼ੇਰਗਿੱਲ ਸਮੇਤ ਪੰਜ ਮੁਲਜ਼ਮਾਂ ਦੀ ਜ਼ਮਾਨਤ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ।
ਇਹ ਵੀ ਪੜ੍ਹੋ : ਪਟਿਆਲਾ : ਦੂਜੀ ਪਤਨੀ ਨੇ ਵਿਆਹੇ ਆਸ਼ਕ ਨਾਲ ਰਲ ਕੇ ਕੀਤਾ ਬੈਂਕ ਮੈਨੇਜਰ ਪਤੀ ਦਾ ਕਤ.ਲ
ਦੋ ਅਧਿਕਾਰੀਆਂ ਸਮੇਤ ਤਿੰਨ ਗ੍ਰਿਫਤਾਰ ਦੋਸ਼ੀਆਂ ਨੇ 5 ਅਕਤੂਬਰ ਨੂੰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪਹਿਲਾਂ ਇਸ ਮਾਮਲੇ ਦੀ ਸੁਣਵਾਈ 10 ਅਕਤੂਬਰ ਨੂੰ ਹੋਣੀ ਸੀ ਪਰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ 16 ਅਕਤੂਬਰ ਨੂੰ ਆਪਣਾ ਫੈਸਲਾ ਸੁਣਾਉਣ ਦਾ ਹੁਕਮ ਦਿੱਤਾ ਹੈ।
ਅਦਾਲਤ ਨੇ ਇਸ ਮਾਮਲੇ ਵਿੱਚ 16 ਅਕਤੂਬਰ ਨੂੰ ਵੀ ਆਪਣਾ ਫੈਸਲਾ ਨਹੀਂ ਦਿੱਤਾ ਅਤੇ ਅਗਲੀ ਤਰੀਕ 20 ਅਕਤੂਬਰ ਤੈਅ ਕੀਤੀ ਹੈ। ਪਰ 20 ਤਰੀਕ ਨੂੰ ਕੋਈ ਫੈਸਲਾ ਨਾ ਹੋਣ ਕਾਰਨ ਅਦਾਲਤ ਨੇ 21 ਅਕਤੂਬਰ ਦੀ ਤਰੀਕ ਤੈਅ ਕੀਤੀ। ਸ਼ਨੀਵਾਰ ਨੂੰ ਤੀਜੀ ਵਾਰ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਅਤੇ ਹੁਣ 23 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: