ਸਨੈਪਚੈਟ ‘ਤੇ ਆਈ.ਡੀ. ਬਣਾ ਕੇ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਫੋਟੋ ਵਾਇਰਲ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਨਾਬਾਲਗ ਨੂੰ ਫੜਿਆ ਹੈ। ਦੋਸ਼ੀ ਵਿਦਿਆਰਥੀ ਉਸੇ ਸਕੂਲ ਦੀ 9ਵੀਂ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ ਕਰੀਬ 13 ਸਾਲ ਹੈ।
ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਦੋਸ਼ੀ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਸੀ.ਐਫ. ਐੱਸ. ਐੱਲ. 36 ਵਿੱਚ ਭੇਜ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਮੋਬਾਈਲ ਵਿੱਚ ਮੋਰਫਡ ਤਸਵੀਰਾਂ ਵੀ ਮਿਲੀਆਂ ਹਨ। ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਬੱਚੇ ਨੇ ਇਹ ਅਪਰਾਧ ਕਿਉਂ ਕੀਤਾ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਇਹ ਕਾਰਾ ਰੋਮਾਂਚ ਲਈ ਕੀਤਾ ਗਿਆ ਸੀ ਅਤੇ ਬੱਚੇ ਨੂੰ ਇਹ ਨਹੀਂ ਪਤਾ ਸੀ ਕਿ ਇਹ ਇੱਕ ਕਿਸਮ ਦਾ ਗੰਭੀਰ ਅਪਰਾਧ ਸੀ।
ਇਸ ਦੇ ਨਾਲ ਹੀ ਬੱਚੇ ਦੀ ਕਿਸੇ ਨਾਲ ਰੰਜਿਸ਼ ਰੱਖਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਆਈਟੀ ਐਕਟ ਦੀ ਧਾਰਾ 67ਏ ਅਤੇ ਪੋਕਸੋ ਐਕਟ ਦੀ ਧਾਰਾ 13 ਤਹਿਤ ਕੇਸ ਦਰਜ ਕੀਤਾ ਸੀ। ਸਾਈਬਰ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਸੀ ਅਤੇ ਨਾਬਾਲਗ ਬੱਚੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਕੇ ਸੈਕਟਰ-25 ਜੁਵੇਨਾਈਲ ਹੋਮ ਭੇਜ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਦੋਸ਼ੀ ਵਿਦਿਆਰਥੀ ਦੇ ਸੋਸ਼ਲ ਮੀਡੀਆ ‘ਤੇ ਇਕ ਤੋਂ ਵੱਧ ਖਾਤੇ ਦੱਸੇ ਜਾਂਦੇ ਹਨ। ਇਸ ਤੋਂ ਬਾਅਦ ਹੁਣ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਸਾਰੇ ਖਾਤੇ ਉਸ ਦੇ ਹਨ ਜਾਂ ਕੁਝ ਹੋਰ ਵਿਦਿਆਰਥੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : CM ਮਾਨ ਦੇ ਜਨਮ ਦਿਨ ‘ਤੇ ‘ਆਪ’ ਵਰਕਰ ਦੇਣਗੇ ਖਾਸ ਤੋਹਫਾ, ਜਲੰਧਰ ‘ਚ ਲਾਉਣਗੇ ਖੂਨ ਦਾਨ ਕੈਂਪ
ਜ਼ਿਕਰਯੋਗ ਹੈ ਕਿ ਸੈਕਟਰ-11 ਥਾਣਾ ਖੇਤਰ ਦੇ ਇਕ ਨਿੱਜੀ ਸਕੂਲ ਦੀਆਂ ਕੁਝ ਵਿਦਿਆਰਥਣਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ ਗਈ ਸੀ, ਜਿਸ ਨਾਲ ਉਨ੍ਹਾਂ ਨੂੰ ਇਤਰਾਜ਼ਯੋਗ ਬਣਾਇਆ ਗਿਆ ਸੀ। ਜਾਣਕਾਰੀ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸਾਈਬਰ ਸੈੱਲ ਦੀ ਮਦਦ ਨਾਲ ਸਬੰਧਤ ਆਈ.ਡੀ. ਹਟਾ ਦਿੱਤੀ ਗਈ ਸੀ।
ਛੇੜਛਾੜ ਕਰਕੇ ਵਿਦਿਆਰਥਣਾਂ ਦੀਆਂ ਤਸਵੀਰਾਂ ਸਕੂਲ ਦੇ ਅਧਿਕਾਰਤ ਪੋਰਟਲ ਤੋਂ ਡਾਊਨਲੋਡ ਕਰਕੇ ਸਨੈਪਚੈਟ ‘ਤੇ ਅਪਲੋਡ ਕੀਤੀਆਂ ਗਈਆਂ ਸਨ। ਇਸ ਘਟਨਾ ਤੋਂ ਬਾਅਦ ਬੀਤੇ ਬੁੱਧਵਾਰ ਪੁਲਿਸ ਹੈੱਡਕੁਆਰਟਰ ਵਿਖੇ ਐਸ.ਐਸ.ਪੀ. ਕੁਝ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਅਤੇ ਸਕੂਲ ਅਧਿਆਪਕ ਆਪਣੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਇਸ ਆਈ.ਡੀ. ਨੂੰ ਹਟਾ ਲਿਆ ਅਤੇ ਇਸ ਗੰਭੀਰ ਮਾਮਲੇ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਿਤ ਥਾਣੇ ਦੀ ਪੁਲਿਸ ਨੇ ਸਬੰਧਿਤ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।