ਲੁਧਿਆਣਾ ਮਹਾਨਗਰ ‘ਚ ਸੜਕ ਹਾਦਸਿਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦੇਰ ਰਾਤ 11 ਵਜੇ ਸਮਰਾਲਾ ਚੌਕ ਨੇੜੇ ਬਾਈਕ ਸਵਾਰ ਨੌਜਵਾਨ ਨੂੰ ਟਰੱਕ ਨੇ ਕੁਚਲ ਦਿੱਤਾ। ਟਰੱਕ ਦਾ ਟਾਇਰ ਨੌਜਵਾਨ ਦੇ ਸਿਰ ਤੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਟਰੱਕ ਚਾਲਕ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ‘ਤੇ ਉਸ ਨੂੰ ਫੜ ਲਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਥਾਣਾ ਮੋਤੀ ਨਗਰ, ਡਿਵੀਜ਼ਨ ਨੰਬਰ 3 ਅਤੇ ਚੌਕੀ ਜਨਕਪੁਰੀ ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਹੱਦਬੰਦੀ ਮੁਤਾਬਕ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾ ਦਿੱਤਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਚੀਮਾ ਚੌਕ ਤੋਂ ਸਮਰਾਲਾ ਚੌਕ ਵੱਲ ਜਾ ਰਿਹਾ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਨਿਵਾਸੀ ਸੁਭਾਸ਼ ਨਗਰ ਨੇੜੇ ਚੰਦਰਲੋਕ ਕਲੋਨੀ ਵਜੋਂ ਹੋਈ ਹੈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਕਰਨ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਟਰੱਕ ਡਰਾਈਵਰ ਦੀ ਮੈਡੀਕਲ ਜਾਂਚ ਕਰਵਾਈ ਜਾਵੇ। ਉਨ੍ਹਾਂ ਸ਼ੱਕ ਹੈ ਕਿ ਹਾਦਸੇ ਸਮੇਂ ਡਰਾਈਵਰ ਨਸ਼ੇ ‘ਚ ਸੀ। ਚਸ਼ਮਦੀਦਾਂ ਮੁਤਾਬਕ ਟਰੱਕ ਡਰਾਈਵਰ ਤੇਜ਼ ਰਫ਼ਤਾਰ ‘ਤੇ ਸੀ।
ਇਹ ਵੀ ਪੜ੍ਹੋ : ਹੁਣ ਕਿਸਾਨਾਂ ਨੂੰ ਮੋਦੀ ਸਰਕਾਰ ਦੇਵੇਗੀ ਵੱਡਾ ਤੋਹਫ਼ਾ! PM ਫਸਲ ਬੀਮਾ ਯੋਜਨਾ ਦਾ ਦਾਇਰਾ ਵਧਾਉਣ ਦੀ ਤਿਆਰੀ
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਕਰੀਬ ਡੇਢ ਘੰਟੇ ਤੱਕ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚੀ। ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ। ਦੋਸ਼ੀ ਟਰੱਕ ਡਰਾਈਵਰ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: