ਮੋਗਾ ਦੇ ਕੋਟ ਈਸੇ ਖਾਂ ਅੰਮ੍ਰਿਤਸਰ ਰੋਡ ‘ਤੇ ਐਤਵਾਰ ਸਵੇਰੇ 6 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਵਰਨਾ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਸ ਨੇ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ‘ਤੇ ਇਕ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਵਿਫਟ ਕਾਰ ਵਿਚ ਸਵਾਰ 5 ਲੋਕਾਂ ਵਿਚੋਂ ਇਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ 4 ਗੰਭੀਰ ਜਖਮੀ ਹੋ ਗਏ। ਹਾਦਸੇ ਮਗਰੋਂ ਵਰਨ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਦੇ ਜਲਾਲ ਪਿੰਡ ਵਾਸੀ ਜਸਬੀਰ ਸਿੰਘ ਅੱਜ ਸਵੇਰੇ ਆਪਣੀ ਪਤਨੀ ਰਮਨਦੀਪ ਕੌਰ, ਧੀ ਕਿਰਤ ਕੌਰ, ਰਿਸ਼ਤੇਦਾਰ ਸਿਮਰਜੀਤ ਕੌਰ ਦੇ ਨਾਲ ਸਵਿਫਟ ਕਾਰ ਵਿਚ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਨਿਕਲੇ ਸਨ ਕਿ ਰਸਤੇ ਵਿਚ ਮੋਗਾ ਦੇ ਪਿੰਡ ਸਮਾਧਭਾਈ ਤੋਂ ਰਮਨਦੀਪ ਕੌਰ ਦੇ ਮਾਤਾ ਅਮਰਜੀਤ ਕੌਰ ਨੂੰ ਨਾਲ ਲੈਣ ਮਗਰੋਂ ਉਨ੍ਹਾਂ ਦੀ ਕਾਰ ਕੋਟ ਈਸੇ ਖਾਂ ਕੋਲ ਦਸਮੇਸ਼ ਸਕੂਲ ਨੇੜੇ ਪਹੁੰਚੀ ਤਾਂ ਤੇਜ਼ ਰਫਤਾਰ ਵਰਨਾ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 55 ਸਾਲਾ ਸਿਮਰਜੀਤ ਕੌਰ ਦੀ ਮੌਤ ਹੋ ਗਈ ਜਦੋਂ ਕਿ ਜਸਬੀਰ ਸਿੰਘ, ਰਮਨਦੀਪ ਕੌਰ, ਕਿਰਤ ਕੌਰ ਤੇ ਅਮਰਜੀਤ ਕੌਰ ਗੰਭੀਰ ਜਖਮੀ ਹੋ ਗਏ। ਜਸਬੀਰ ਸਿੰਘ ਦੇ ਰਿਸ਼ਤੇਦਾਰ ਸਿਮਰਜੀਤ ਕੌਰ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਦੱਖਣੀ ਕੋਰੀਆ ‘ਚ ਪੰਜਾਬੀ ਨੌਜਵਾਨ ਅਗਵਾ, ਪਰਿਵਾਰ ਕੋਲੋਂ ਮੰਗੀ 25 ਲੱਖ ਦੀ ਫਿਰੌਤੀ, 3 ਖਿਲਾਫ ਮਾਮਲਾ ਦਰਜ
ਸਰਕਾਰੀ ਹਸਪਤਾਲ ਦੇ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਹਾਦਸੇ ਵਿਚ ਚਾਰ ਜ਼ਖਮੀ ਮਰੀਜ਼ ਹਸਪਤਾਲ ਲਿਆਂਦੇ ਗਏ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਸਾਰੇ ਜ਼ਖਮੀਆਂ ਦੇ ਸਿਰ ਤੇ ਪੈਰਾਂ ਵਿਚ ਸੱਟਾਂ ਆਈਆਂ ਹਨ। ਹਾਦਸੇ ਵਿਚ ਇਕ ਮਹਿਲਾ ਦੀ ਮੌਕੇ ‘ਤੇ ਮੌਤ ਹੋ ਗਈ ਜਿਨ੍ਹਾਂ ਦੀ ਉਮਰ ਲਗਭਗ 55 ਸਾਲ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:











